
ਐਨ.ਐਸ.ਏ. ’ਚ ਬੰਦ ਮਾਨ ਇਸ ਹਲਕੇ ਤੋਂ ਰੀਕਾਰਡ ਤੋੜ ਵੋਟਾਂ ਨਾਲ ਜਿੱਤ ਹਾਸਲ ਕਰ ਕੇ ਜੇਲ ਵਿਚੋਂ ਰਿਹਾਅ ਹੋਏ ਸਨ
Lok Sabha Elections 2024: ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਅਸਾਮ ਦੀ ਡਿਬਰੂਗੜ੍ਹ ਜੇਲ ਵਿਚ ਬੰਦ ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਲੋਂ ਪੰਥਕ ਗੜ੍ਹ ਮੰਨੇ ਜਾਂਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਨ ਦੇ ਐਲਾਨ ਨੇ ਜਿਥੇ ਹਲਕੇ ਦੀਆਂ ਸਿਆਸੀ ਗਿਣਤੀਆਂ ਮਿਣਤੀਆਂ ਪ੍ਰਭਾਵਤ ਕਰਨ ਦੀ ਚਰਚਾ ਛੇੜ ਦਿਤੀ ਹੈ।
ਉਥੇ ਪੰਜਾਬ ਦੇ ਦੂਜੇ ਹਲਕਿਆਂ ਉਪਰ ਵੀ ਚੋਣ ਪ੍ਰਚਾਰ ਮੁਹਿੰਮ ਦੇ ਮੁੱਦਿਆਂ ਉਪਰ ਇਸ ਦਾ ਅਸਰ ਪਵੇਗਾ। ਖਡੂਰ ਸਾਹਿਬ ਦੇ ਨਾਂ ਵਾਲਾ ਇਹ ਲੋਕ ਸਭਾ ਹਲਕਾ ਕਿਸੇ ਸਮੇਂ ਤਰਨਤਾਰਨ ਹਲਕੇ ਦਾ ਨਾਂ ਉਪਰ ਸੀ ਪਰ ਹਲਕਿਆਂ ਦੀ ਹਦਬੰਦੀ ਬਾਅਦ ਇਸ ਵਿਚ ਬਦਲਾਅ ਹੋਇਆ। ਇਹ ਅਜਿਹਾ ਹਲਕਾ ਹੈ ਜੋ ਮਾਝੇ ਤੋਂ ਇਲਾਵਾ ਦੋਆਬਾ ਤੇ ਮਾਲਵਾ ਦੇ ਜ਼ੀਰਾ ਖੇਤਰ ਤਕ ਨੂੰ ਕਵਰ ਕਰਦਾ ਹੈ।
ਇਹ ਉਹੀ ਹਲਕਾ ਹੈ ਜਿਥੇ 1989 ਦੀਆਂ ਲੋਕ ਸਭਾ ਚੋਣਾਂ ਜੋ 1984 ਦੇ ਘਟਨਾਕ੍ਰਮ ਤੋਂ ਬਾਅਦ ਹੋਈਆਂ ਸਨ ਅਤੇ ਇਥੇ ਉਸ ਸਮੇਂ ਪੰਥਕ ਆਗੂ ਸਿਮਰਨਜੀਤ ਸਿੰਘ ਮਾਨ ਜੇਲ ਵਿਚ ਬੈਠੇ ਹੀ ਰੀਕਾਰਡ ਵੋਟਾਂ ਨਾਲ ਚੋਣ ਜਿੱਤੇ ਸਨ ਅਤੇ ਜੇਲ ਵਿਚੋਂ ਬਾਹਰ ਆਏ ਸਨ। ਹੁਣ ਸਿਆਸੀ ਤੇ ਪੰਥਕ ਹਲਕਿਆਂ ਵਿਚ ਇਹ ਸਵਾਲ ਉਠ ਰਿਹਾ ਹੈ ਕਿ ਕੀ ਅੰਮ੍ਰਿਤਪਾਲ ਸਿੰਘ ਇਸ ਹਲਕੇ ਤੋਂ ਜੇਲ ਵਿਚ ਬੈਠ ਕੇ ਚੋਣ ਲੜ ਕੇ ਸਿਮਰਨਜੀਤ ਸਿੰਘ ਮਾਨ ਵਾਲਾ ਇਤਿਹਾਸ ਦੁਹਰਾ ਸਕਣਗੇ?
ਜ਼ਿਕਰਯੋਗ ਹੈ ਕਿ ਸਿਮਰਨਜੀਤ ਸਿੰਘ ਮਾਨ 1989 ਵਿਚ ਜੇਲ ਵਿਚੋਂ ਚੋਣ ਲੜਨ ਸਮੇਂ ਇੰਦਰਾ ਗਾਂਧੀ ਦੇ ਕਤਲ ਦੀ ਸਾਜ਼ਸ਼ ਦੇ ਦੋਸ਼ਾਂ ਤਹਿਤ ਐਨ.ਐਸ.ਏ. ਤਹਿਤ ਬੰਦ ਸਨ ਅਤੇ ਇਸ ਸਮੇਂ ਅੰਮ੍ਰਿਤਪਾਲ ਸਿੰਘ ਵੀ ਐਨ.ਐਸ.ਏ. ਤਹਿਤ ਹੀ ਅਸਾਮ ਦੀ ਡਿਬਰੂਗੜ੍ਹ ਜੇਲ ਵਿਚ ਦੇਸ਼ ਵਿਰੋਧੀ ਕਾਰਵਾਈਆਂ ਵਰਗੇ ਗੰਭੀਰ ਦੇਸ਼ਾ ਤਹਿਤ ਬੰਦ ਹਨ। ਦੋਹਾਂ ਦੀ ਵਿਚਾਰਧਾਰਾ ਵੀ ਵਖਰੇ ਸਿੱਖ ਰਾਜ ਲਈ ਖ਼ਾਲਿਸਤਾਨ ਪੱਖੀ ਹੈ।
ਇਹ ਵੀ ਵਰਨਣਯੋਗ ਹੈ ਕਿ ਅੰਮ੍ਰਿਤਪਾਲ ਨੂੰ ਨਜ਼ਰਬੰਦੀ ਤੋਂ ਪਹਿਲਾਂ ਮਾਨ ਦਾ ਪੂਰਾ ਸਹਿਯੋਗ ਤੇ ਸਮਰਥਨ ਵੀ ਰਿਹਾ ਹੈ। ਭਾਵੇਂ ਅੰਮ੍ਰਿਤਪਾਲ ਦੇ ਪ੍ਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਐਨ.ਐਸ.ਏ. ਤੋਂ ਛੁਟਕਾਰਾ ਪਾ ਕੇ ਅਸਾਮ ਦੀ ਜੇਲ ਤੋਂ ਮੁਕਤੀ ਦਾ ਰਾਹ ਲੋਕਤੰਤਰ ਤਰੀਕੇ ਨਾਲ ਚੋਣ ਪ੍ਰਕਿਰਿਆ ਵਿਚ ਸ਼ਾਮਲ ਹੋਣ ਨਾਲ ਖੁਲ੍ਹ ਸਕਦਾ ਹੈ ਕਿਉਂਕਿ ਸਰਕਾਰਾਂ ਤਾਂ ਫ਼ਿਲਹਾਲ ਕੋਈ ਰਾਹਤ ਦੇਣ ਲਈ ਤਿਆਰ ਨਹੀਂ।
ਅੰਮ੍ਰਿਤਪਾਲ ਦੇ ਪ੍ਰਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਸਿੱਖ ਨੌਜਵਾਨਾਂ ਤੇ ਸਰਕਾਰ ਦੇ ਜ਼ੁਲਮਾਂ ਨੂੰ ਰੋਕਣ ਖਡੂਰ ਸਾਹਿਬ ਹਲਕਾ ਪੰਥਕ ਮੰਨਿਆ ਜਾਂਦਾ ਹੈ ਅਤੇ ਇਥੇ ਬਹੁਤੇ ਵਾਰੀ ਅਕਾਲੀ ਉਮੀਦਵਾਰ ਹੀ ਜਿੱਤਦੇ ਰਹੇ ਹਨ। ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਅਤੇ 1984 ਦੇ ਸਿੱਖ ਵਿਰੋਧੀ ਕਤਲੇਆਮ ਤੋਂ ਬਾਅਦ 1989 ਵਿਚ ਹੋਈ ਚੋਣ ਵਿਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੇ 6 ਸੀਟਾਂ ਜਿੱਤੀਆਂ ਸਨ ਅਤੇ 3 ਸੀਟਾਂ ਵੀ ਉਸ ਦੇ ਸਹਿਯੋਗੀ ਆਜ਼ਾਦ ਉਮੀਦਵਾਰਾਂ ਨੂੰ ਮਿਲੀਆਂ ਸਨ। ਮਾਨ ਉਸ ਸਮੇਂ ਕਾਂਗਰਸ ਦੇ ਅਜੀਤ ਸਿੰਘ ਮਾਨ ਨੂੰ ਪੰਜ ਲੱਖ ਦੇ ਕਰੀਬ ਰਿਕਾਰਡ ਵੋਟਾਂ ਨਾਲ ਹਰਾ ਕੇ ਚੋਣ ਜਿੱਤੇ ਸਨ।
ਸਿਮਰਨਜੀਤ ਸਿੰਘ ਮਾਨ ਨੂੰ 5 ਲੱਖ 27 ਹਜ਼ਾਰ 707 ਵੋਟਾਂ ਮਿਲੀਆਂ ਸਨ ਜਦਕਿ ਵਿਰੋਧੀ ਉਮੀਦਵਾਰ ਨੂੰ ਸਿਰਫ਼ 47 ਹਜ਼ਾਰ ਵੋਟਾਂ ਪਈਆਂ। ਇਸ ਚੋਣ ਸਮੇਂ ਮਾਨ ਦੇ ਹੋਰ ਸਹਿਯੋਗੀਆਂ ਵਿਚ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਬੇਅੰਤ ਸਿੰਘ ਦੀ ਪਤਨੀ ਵਿਮਨ ਖ਼ਾਲਸਾ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਅਤੇ ਧਿਆਨ ਸਿੰਘ ਮੰਡ ਵੀ ਚੋਣ ਜਿੱਤੇ ਸਨ।
ਜੇ ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ ਇਥੇ ਪੰਥਕ ਵੋਟ ਵੰਡੇ ਜਾਣ ਕਾਰਨ ਕਾਂਗਰਸ ਦੇ ਜਸਬੀਰ ਗਿੱਲ ਡਿੰਪਾ ਜਿੱਤ ਗਏ ਸਨ। ਇਸ ਸਮੇਂ ਜਸਵੰਤ ਸਿੰਘ ਖਾਲੜਾ ਨੇ ਸਾਂਝੇ ਫ਼ਰੰਟ ਵਲੋਂ ਚੋਣ ਲੜਾ ਕੇ 2 ਲੱਖ ਤੋਂ ਵੱਧ ਵੋਟਾਂ ਲਈਆਂ ਸਨ ਅਤੇ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਵੀ 3 ਲੱਖ ਤੋਂ ਵੱਧ ਵੋਟਾਂ ਮਿਲੀਆਂ ਸਨ। ‘ਆਪ’ ਨੂੰ ਵੀ 1 ਲੱਖ ਤੋਂ ਵੱਧ ਵੋਟਾਂ ਪਈਆਂ ਸਨ।
ਅੰਮ੍ਰਿਤਪਾਲ ਦੇ ਚੋਣ ਲੜਨ ਦੇ ਐਲਾਨ ਬਾਅਦ ਜੋ ਖ਼ਬਰਾਂ ਮਿਲ ਰਹੀਆਂ ਹਨ ਉਨ੍ਹਾਂ ਮੁਤਾਬਕ ਅਕਾਲੀ ਦਲ ਵੀ ਹਮਾਇਤ ਦੇਵੇਗਾ ਅਤੇ ਹੋਰ ਪੰਥਕ ਗਰੁਪ ਵੀ ਅੰਮ੍ਰਿਤਪਾਲ ਦੇ ਮੁਕਾਬਲੇ ਨਹੀਂ ਆਉਣਗੇ। ਇਸ ਲਈ ਕਾਂਗਰਸ ਤੇ ‘ਆਪ’ ਲਈ ਮੁਸ਼ਕਲ ਵੱਧ ਸਕਦੀ ਹੈ। ਇਸ ਲਈ ਹੁਣ ਸੰਗਰੂਰ, ਬਠਿੰਡਾ ਅਤੇ ਜਲੰਧਰ ਤੋਂ ਬਾਅਦ ਖਡੂਰ ਸਾਹਿਬ ਹਲਕਾ ਵੀ ਚੋਣਾਂ ਸਮੇਂ ਦੇਸ਼ ਵਿਦੇਸ਼ ਵਿਚ ਖਿੱਚ ਦਾ ਕੇਂਦਰ ਬਣ ਜਾਵੇਗਾ। ਖ਼ਾਸ ਤੌਰ ’ਤੇ ਪੰਥਕ ਹਲਕਿਆਂ ਲਈ ਤਾਂ ਇਸ ਹਲਕੇ ਦਾ ਨਤੀਜਾ ਬਹੁਤ ਅਹਿਮ ਤੇ ਭਵਿੱਖ ਲਈ ਦਿਸ਼ਾ ਸੂਚਕ ਬਣ ਸਕਦਾ ਹੈ।