
ਭਾਰਤ-ਪਾਕਿ ਬਾਰਡਰ ਦੀ ਜ਼ੀਰੋ ਲਾਈਨ ਤੋਂ ਕੁੱਝ ਕਦਮਾਂ ਦੀ ਦੂਰੀ ਉਤੇ ਬੀ.ਐਸ.ਐਡ. ਦੀ
ਤਰਨਤਾਰਨ, 27 ਮਈ (ਅਮਿਤ ਮਰਵਾਹਾ, ਅਮਨਦੀਪ ਮਨਚੰਦਾ): ਭਾਰਤ-ਪਾਕਿ ਬਾਰਡਰ ਦੀ ਜ਼ੀਰੋ ਲਾਈਨ ਤੋਂ ਕੁੱਝ ਕਦਮਾਂ ਦੀ ਦੂਰੀ ਉਤੇ ਬੀ.ਐਸ.ਐਡ. ਦੀ ਪੋਸਟ ਝੁੱਗੀਆਂ ਨੂਰ ਮੁਹੰਮਦ ਦੇ ਪਿੱਲਰ ਨੰਬਰ 173/0 ਪਾਸੋਂ 2 ਕਿਲੋ 20 ਗ੍ਰਾਮ ਹੈਰੋਇਨ ਅਤੇ 280 ਗ੍ਰਾਮ ਅਫ਼ੀਮ ਬਰਾਮਦ ਹੋਈ ਹੈ। ਇਸ ਸਬੰਧੀ ਥਾਣਾ ਸਦਰ ਪੱਟੀ ਦੀ ਪੁਲਿਸ ਵਲੋਂ ਅਣਪਛਾਤੇ ਮੁਲਜ਼ਮਾਂ ਵਿਰੁਧ ਕੇਸ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਐਸ.ਐਸ.ਪੀ. ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਐਸ.ਪੀ. ਇਨਵੈਸਟੀਗੇਸ਼ਨ ਜਗਜੀਤ ਸਿੰਘ ਵਾਲੀਆ ਨੇ ਦਸਿਆ ਕਿ ਪੁਲਿਸ ਨੂੰ ਖ਼ਾਸ ਮਖ਼ਬਰ ਪਾਸੋਂ ਇਤਲਾਹ ਮਿਲੀ ਕਿ ਭਾਰਤ ਪਾਕਿ ਦੀ ਜ਼ੀਰੋ ਲਾਈਨ ਉਤੇ ਬੀ.ਐਸ.ਐਫ਼. ਦੀ ਚੌਂਕੀ ਝੁੱਗੀਆਂ ਨੂਰ ਮੁਹੰਮਦ ਅਧੀਨ ਕਣਕ ਦੇ ਵੱਢ ਵਿਚ ਭਾਰੀ ਮਾਤਰਾ ਵਿਚ ਹੈਰੋਇਨ ਨੱਪੀ ਹੋਈ ਹੈ ਜਿਸ ਉਤੇ ਤੁਰਤ ਕੰਵਲਜੀਤ ਸਿੰਘ ਡੀ.ਐਸ.ਪੀ. (ਡੀ), ਇੰਸਪੈਕਟਰ ਪ੍ਰਭਜੀਤ ਸਿੰਘ ਐਸ.ਐਚ.ਓ. ਥਾਣਾ ਸਿਟੀ ਤਰਨਤਾਰਨ ਅਤੇ ਏ.ਐਸ.ਆਈ. ਗੁਰਦਿਆਲ ਸਿੰਘ ਇੰਚਾਰਜ ਨਾਰਕੋਟਿਕਸ ਸੈੱਲ ਤਰਨਤਾਰਨ ਵਲੋਂ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਅਤੇ ਮੌਕੇ ਉਤੇ ਬੀ.ਐਸ.ਐਫ਼. ਦੀ ਪੋਸਟ ਝੁੱਗੀਆਂ ਨੂਰ ਮੁਹੰਮਦ ਦੇ ਚੌਂਕੀ ਇੰਚਾਰਜ ਉਦੈ ਭਾਨ ਯਾਦਵ ਨੂੰ ਨਾਲ ਲੈ ਕੇ ਸਰਚ ਅਪ੍ਰੇਸ਼ਨ ਸ਼ੁਰੂ ਕੀਤਾ ਗਿਆ।
File photo
ਛਾਪੇਮਾਰੀ ਦੌਰਾਨ ਭਾਰਤ ਪਾਕਿ ਬਾਰਡਰ ਦੀ ਜ਼ੀਰੋ ਲਾਈਨ ਤੋਂ ਬੀ.ਐਸ.ਐਫ਼. ਪੋਸਟ ਝੁੱਗੀਆਂ ਨੂਰ ਮੁਹੰਮਦ ਅਧੀਨ ਪਿੱਲਰ ਨੰਬਰ 173/0 ਤੋਂ 5-7 ਕਦਮਾਂ ਭਾਰਤ ਵਾਲੇ ਪਾਸੇ ਕਣਕ ਦੇ ਖੇਤ ਵਿਚੋਂ ਇਕ ਫੁੱਟ ਜ਼ਮੀਨ ਵਿਚ ਡੂੰਘੀ ਨੱਪੀ ਹੋਈ 1 ਬੋਤਲ ਹੈਰੋਇਨ ਅਤੇ ਲਿਫ਼ਾਫ਼ੇ ਵਿਚ ਅਫੀਮ ਬਰਾਮਦ ਹੋਈ ਜਿਸ ਦਾ ਵਜਨ 2 ਕਿਲੋ 20 ਗ੍ਰਾਮ ਹੈਰੋਇਨ ਅਤੇ 280 ਗ੍ਰਾਮ ਅਫ਼ੀਮ ਕੰਡਾ ਕਰਨ ਤੋਂ ਬਾਅਦ ਪਤਾ ਚੱਲਿਆ। ਐਸ.ਪੀ. ਇਨਵੈਸਟੀਗੇਸ਼ਨ ਨੇ ਦਸਿਆ ਕਿ ਇਸ ਸਬੰਧੀ ਥਾਣਾ ਸਦਰ ਪੱਟੀ ਵਿਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।