
“ਮੇਰੇ ਵਿਰੁਧ ਨਿਰਾਧਾਰ ਦੋਸ਼ ਲਾਉਣੇ ਅਕਾਲੀਆਂ ਦੀ ਆਦਤ ਬਣ ਚੁੱਕੀ ਹੈ ਪਰ ਅਕਾਲੀਆਂ ਨੂੰ ਤੱਥਾਂ ਦੇ
ਚੰਡੀਗੜ੍ਹ, 27 ਮਈ (ਸਪੋਕਸਮੈਨ ਸਮਾਚਾਰ ਸੇਵਾ): “ਮੇਰੇ ਵਿਰੁਧ ਨਿਰਾਧਾਰ ਦੋਸ਼ ਲਾਉਣੇ ਅਕਾਲੀਆਂ ਦੀ ਆਦਤ ਬਣ ਚੁੱਕੀ ਹੈ ਪਰ ਅਕਾਲੀਆਂ ਨੂੰ ਤੱਥਾਂ ਦੇ ਆਧਾਰ 'ਤੇ ਗੱਲ ਕਰਨੀ ਚਾਹੀਦੀ ਹੈ ਨਾ ਕਿ ਝੂਠਾ ਤੇ ਗੁਮਰਾਹਕੁਨ ਪ੍ਰਚਾਰ ਕਰਨਾ ਚਾਹੀਦਾ ਹੈ।” ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸਪੱਸ਼ਟ ਕਿਹਾ ਕਿ ਇਸ ਅਖੌਤੀ ਬੀਜ ਘੁਟਾਲੇ ਵਿਚ ਮੇਰਾ ਨਾਮ ਅਕਾਲੀ ਸਿਰਫ਼ ਸਿਆਸੀ ਲਾਹਾ ਖੱਟਣ ਲਈ ਘੜੀਸ ਰਹੇ ਹਨ, ਜਦਕਿ ਇਸ ਵਿਚ ਕੋਈ ਸੱਚਾਈ ਨਹੀਂ।
ਅਪਣੀ ਗੱਲ ਦੀ ਪੁਖ਼ਤਗੀ ਲਈ ਤੱਥ ਰਖਦਿਆਂ ਸ. ਰੰਧਾਵਾ ਨੇ ਕਿਹਾ ਕਿ ਮੈਸਰਜ਼ ਕਰਨਾਲ ਐਗਰੀ ਸੀਡਜ਼, ਪਿੰਡ-ਵੈਰੋਕੇ, ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਮਾਲਕ ਲੱਕੀ ਢਿੱਲੋਂ ਤਾਂ 2017 ਵਿਚ ਉਨ੍ਹਾਂ ਨੂੰ ਮਿਲਿਆ ਜਦਕਿ ਉਸ ਨੂੰ ਲਾਇਸੈਂਸ 2015 ਵਿਚ ਅਕਾਲੀ ਸਰਕਾਰ ਵੇਲੇ ਮਿਲਿਆ ਸੀ। ਇਸ ਫ਼ਰਮ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਗੇਟ ਨੰਬਰ ਇਕ ਸਾਹਮਣੇ ਪੈਂਦੀ ਮੈਸਰਜ਼ ਬਰਾੜ ਸੀਡ ਫਾਰਮ ਨੂੰ ਝੋਨਾ ਪੀ.ਆਰ. 128 ਅਤੇ ਪੀ.ਆਰ. 129 ਦੀ ਸਪਲਾਈ ਕਰਨ ਦਾ ਦੋਸ਼ ਹੈ। ਇਹ ਦੋਸ਼ ਲੱਗ ਰਹੇ ਹਨ ਕਿ ਮੈਸਰਜ਼ ਬਰਾੜ ਸੀਡ ਫ਼ਾਰਮ ਨੇ ਕਿਸਾਨਾਂ ਨੂੰ ਇਨ੍ਹਾਂ ਕਿਸਮਾਂ ਦੇ ਬੀਜ ਬਹੁਤ ਮਹਿੰਗੇ ਭਾਅ ਉਤੇ ਸਪਲਾਈ ਕੀਤੇ ਅਤੇ ਇਸ ਸਬੰਧੀ ਲੁਧਿਆਣਾ ਵਿੱਚ 11 ਮਈ 2020 ਨੂੰ ਐਫ.ਆਈ.ਆਰ. ਦਰਜ ਹੋਈ ਸੀ।
ਸਹਿਕਾਰਤਾ ਤੇ ਜੇਲ ਮੰਤਰੀ ਨੇ ਸਵਾਲ ਕੀਤਾ ਕਿ ਜਦੋਂ ਇਕ ਫਰਮ ਨੇ ਦੂਜੀ ਫਰਮ ਨੂੰ ਸਪਲਾਈ ਕੀਤੀ, ਉਸ ਫਰਮ ਨੇ ਅੱਗੇ ਬੀਜ ਵੇਚਿਆ ਤਾਂ ਇਸ ਵਿਚ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਕਿਵੇਂ ਆ ਗਿਆ। ਹੋਰ ਵੇਰਵੇ ਦਿੰਦਿਆਂ ਸ. ਰੰਧਾਵਾ ਨੇ ਕਿਹਾ ਕਿ ਬਿੱਲ ਨੰਬਰ 1850, ਜੋ ਮੈਸਰਜ਼ ਬਰਾੜ ਬੀਜ ਫ਼ਰਮ ਦੇ ਰੀਕਾਰਡ ਦੀਆਂ ਫਾਈਲਾਂ ਦੀ ਜਾਂਚ ਵਿਚ ਪਾਇਆ ਗਿਆ ਦਸਿਆ ਗਿਆ ਹੈ, ਲੁਧਿਆਣਾ ਨਾਲ ਸਬੰਧਤ ਹੈ ਨਾ ਕਿ ਅੰਮ੍ਰਿਤਸਰ ਨਾਲ ਤਾਂ ਮੇਰਾ (ਸੁਖਜਿੰਦਰ ਸਿੰਘ ਰੰਧਾਵਾ ਦਾ) ਨਾਮ ਅਕਾਲੀਆਂ ਨੇ ਕਿਵੇਂ ਇਸ ਮਾਮਲੇ ਵਿਚ ਘੜੀਸਿਆ। ਇਹ ਵੀ ਜਾਂਚ ਦਾ ਵਿਸ਼ਾ ਬਣਦਾ ਹੈ।
ਮਾਮਲੇ ਬਾਰੇ ਵਧੇਰੇ ਵੇਰਵੇ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੈਸਰਜ਼ ਕਰਨਾਲ ਸੀਡਜ਼ ਦੇ ਮਾਲਕ ਲੱਕੀ ਢਿੱਲੋਂ ਨੂੰ 17 ਸਤੰਬਰ 2015 ਨੂੰ ਲਾਇਸੈਂਸ ਨੰਬਰ 1102 ਜਾਰੀ ਕਰ ਕੇ ਬੀਜ ਵੇਚਣ ਦਾ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਅਤੇ ਇਹ ਲਾਇਸੈਂਸ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੀ 16 ਸਤੰਬਰ 2021 ਤਕ ਲਈ ਨਵਿਆਇਆ ਗਿਆ। ਇਸ ਤੋਂ ਇਲਾਵਾ ਲੱਕੀ ਢਿੱਲੋਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੇ ਨਜ਼ਦੀਕੀਆਂ ਵਿਚੋਂ ਹੈ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੱਕੀ ਢਿੱਲੋਂ ਦੇ ਪਿਤਾ ਦੀ ਮੌਤ ਉਤੇ ਸ਼ੋਕ ਪੱਤਰ ਵੀ ਲਿਖਿਆ ਸੀ।
ਇਨ੍ਹਾਂ ਦੋਸ਼ਾਂ ਦੇ ਹੋਰ ਪਾਜ ਉਘੇੜਦਿਆਂ ਸ. ਰੰਧਾਵਾ ਨੇ ਕਿਹਾ ਕਿ ਗੁਰਦਾਸਪੁਰ ਦੇ ਪਿੰਡ ਧਾਰੋਵਾਲੀ ਦੇ ਵਾਸੀ ਜੋਬਨਜੀਤ ਸਿੰਘ ਦੇ ਸੀਡ ਸਰਟੀਫਿਕੇਸ਼ਨ ਸਹਾਇਕ ਵਜੋਂ ਕੰਮ ਕਰਨ ਅਤੇ ਉਸ ਦੇ ਮੈਸਰਜ਼ ਕਰਨਾਲ ਐਗਰੀ ਸੀਡਜ਼ ਦੇ ਬੀਜਾਂ ਦੀ ਪੜਤਾਲ ਕਰਨ ਦਾ ਸਬੰਧ ਹੈ ਤਾਂ ਇਹ ਗੱਲ ਸਪੱਸ਼ਟ ਹੈ ਕਿ ਜੋਬਨਜੀਤ ਸਿੰਘ ਗੁਰਦਾਸਪੁਰ ਆਧਾਰਤ ਇਸ ਫਰਮ ਦੇ ਬੀਜਾਂ ਬਾਰੇ ਕੋਈ ਸਰਟੀਫ਼ਿਕੇਟ ਨਹੀਂ ਦੇ ਸਕਦਾ ਸੀ ਕਿਉਂਕਿ ਉਸ ਕੋਲ ਇਹ ਕਰਨ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਪਿੰਡ ਧਾਰੋਵਾਲੀ ਨਾਲ ਸਬੰਧ ਰਖਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਵਿਅਕਤੀ ਮੈਨੂੰ ਚੰਗੀ ਤਰ੍ਹਾਂ ਜਾਣਦਾ ਹੋਵੇਗਾ।
ਕਾਂਗਰਸੀ ਆਗੂ ਨੇ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਇਸ ਮਾਮਲੇ ਵਿਚ ਸਮਾਂਬੱਧ ਜਾਂਚ ਲਈ ਤਿਆਰ ਹਨ ਪਰ ਅਕਾਲੀਆਂ ਨੂੰ ਵੀ ਇਸ ਮਾਮਲੇ ਵਿਚ ਅਪਣੇ ਕਾਰਜਕਾਲ ਦੌਰਾਨ ਹੋਈਆਂ ਉਕਾਈਆਂ ਦੀ ਜ਼ਿੰਮੇਵਾਰੀ ਕਬੂਲਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਅਕਾਲੀ ਆਗੂ ਨੂੰ ਸਿਆਣਪ ਭਰੀ ਪਹੁੰਚ ਅਪਣਾਉਣ ਦੀ ਸਲਾਹ ਦਿੰਦਿਆਂ ਸ. ਰੰਧਾਵਾ ਨੇ ਕਿਹਾ ਕਿ ਅਜਿਹੇ ਕਾਲਪਨਿਕ ਹਥਕੰਡੇ ਅਕਾਲੀਆਂ ਨੂੰ ਅਪਣਾ ਖੁਸਿਆ ਆਧਾਰ ਹਾਸਲ ਕਰਨ ਵਿੱਚ ਮਦਦ ਨਹੀਂ ਕਰਨਗੇ।