
ਪੰਜਾਬ 'ਚ ਕੋਰੋਨਾ ਦੇ ਕੇਸ ਮੁੜ ਵੱਧ ਰਹੇ ਹਨ। ਪਿਛਲੇ 24 ਘੰਟੇ ਦੌਰਾਨ 33 ਨਵੇਂ ਪਾਜ਼ੇਟਿਵ ਮਾਮਲੇ ਸਾਹਮਦੇ
ਚੰਡੀਗੜ੍ਹ, 27 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ 'ਚ ਕੋਰੋਨਾ ਦੇ ਕੇਸ ਮੁੜ ਵੱਧ ਰਹੇ ਹਨ। ਪਿਛਲੇ 24 ਘੰਟੇ ਦੌਰਾਨ 33 ਨਵੇਂ ਪਾਜ਼ੇਟਿਵ ਮਾਮਲੇ ਸਾਹਮਦੇ ਆਏ ਹਨ। ਇਸ ਤਰ੍ਹਾਂ ਹੁਣ ਕੁੱਲ ਪਾਜ਼ੇਟਿਵ ਕੇਸਾਂ ਦਾ ਅੰਕੜਾ ਵਧ ਕੇ 2139 ਤਕ ਜਾ ਪਹੁੰਚਿਆ ਹੈ। ਇਨ੍ਹਾਂ 'ਚੋਂ 1918 ਠੀਕ ਹੋਏ ਹਨ। ਅੱਜ ਅੰਮ੍ਰਿਤਸਰ ਜ਼ਿਲ੍ਰੇ 'ਚ 17, ਪਟਿਆਲਾ 'ਚ 7, ਪਠਾਨਕੋਟ 'ਚ 2, ਤਰਨਤਾਰਨ 'ਚ 2, ਸੰਗਰੂਰ 'ਚ 2, ਗੁਰਦਾਸਪੁਰ 'ਚ 1, ਬਰਨਾਲਾ 'ਚ 1 ਅਤੇ ਲੁਧਿਆਣਾ 'ਚ 1 ਨਵਾਂ ਮਾਮਲਾ ਸਾਹਮਦੇ ਆਇਆ ਹੈ। 2139 ਸੈਂਪਲਾਂ ਦੀਆਂ ਰੀਪੋਰਟਾਂ ਹਾਲੇ ਆਉਣੀਆਂ ਹਨ।
ਅੰਮ੍ਰਿਤਸਰ : 17 ਮਰੀਜ਼ ਪਾਜ਼ੇਟਿਵ
ਅੰਮ੍ਰਿਤਸਰ, 27 ਮਈ (ਪਪ) : ਸੂਬੇ ਅੰਦਰ ਤਾਲਾਬੰਦੀ (ਲਾਕ ਡਾਊਨ) ਵਿਚ ਢਿੱਲ ਦੇਣ ਤੋਂ ਬਾਅਦ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅੰਮ੍ਰਿਤਸਰ ਵਿਚ 15 ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਬੁਧਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ 17 ਪਾਜ਼ੇਟਿਵ ਮਾਮਲੇ ਰੀਪੋਰਟ ਹੋਏ ਹਨ। ਅੱਜ ਪ੍ਰਾਈਵੇਟ ਲੈਬਾਰਟਰੀ 'ਚ 2 ਮਰੀਜ਼ਾਂ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਜਦਕਿ ਬਾਅਦ ਦੁਪਹਿਰ ਸਰਕਾਰੀ ਮੈਡੀਕਲ ਕਾਲਜ ਦੀ ਲੈਬੋਰਟਰੀ ਤੋਂ ਆਈ ਟੈਸਟਿੰਗ ਰੀਪੋਰਟ ਵਿਚ 15 ਨਵੇਂ ਮਰੀਜ਼ ਪਾਜ਼ੇਟਿਵ ਪਾਏ ਗਏ। ਮਿਲੀ ਜਾਣਕਾਰੀ ਮੁਤਾਬਕ ਸਾਰੇ ਨਵੇਂ ਮਰੀਜ਼ ਪਹਿਲਾਂ ਤੋਂ ਕੋਰੋਨਾ ਪਾਜ਼ੇਟਿਵ ਆਏ ਵਿਅਕਤੀਆਂ ਦੇ ਸੰਪਰਕ ਵਿਚ ਆਏ ਸਨ। ਜਿਨ੍ਹਾਂ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਜ਼ਿਲ੍ਹੇ 'ਚ ਹੁਣ ਤਕ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 339 ਹੋ ਗਿਆ ਹੈ, ਜਿਨ੍ਹਾਂ 'ਚੋਂ 6 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ 297 ਮਰੀਜ਼ ਠੀਕ ਹੋ ਕੇ ਅਪਣੇ ਘਰਾਂ ਨੂੰ ਪਰਤ ਚੁੱਕੇ ਹਨ।
ਪਟਿਆਲਾ : ਸੱਤ ਨਵੇਂ ਮਾਮਲੇ ਆਏ
ਪਟਿਆਲਾ/ਨਾਭਾ, 27 ਮਈ (ਫ਼ਤਿਹਪੁਰੀ/ਹਿਆਣਾ) : ਜ਼ਿਲ੍ਹੇ 'ਚ ਅੱਜ ਸੱਤ ਕੋਵਿਡ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦਸਿਆ ਕਿ ਬੀਤੇ ਦਿਨੀ ਕੋਵਿਡ ਜਾਂਚ ਲਈ ਭੇਜੇ 296 ਸੈਂਪਲਾਂ ਦੀ ਲੈਬ ਤੋਂ ਪ੍ਰਾਪਤ ਰੀਪੋਰਟਾਂ ਅਨੁਸਾਰ 287 ਸੈਂਪਲਾਂ ਦੀ ਰੀਪੋਰਟ ਕੋਵਿਡ ਨੈਗੇਟਿਵ ਪਾਈ ਗਈ ਹੈ ਅਤੇ ਸੱਤ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਪਾਜ਼ੇਟਿਵ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ ਉੁਨ੍ਹਾਂ ਦਸਿਆ ਕਿ ਰਾਜਪੁਰਾ ਦੇ ਗਰਗ ਕਲੋਨੀ ਦੀ ਰਹਿਣ ਵਾਲੀ 20 ਸਾਲਾ ਗਰਭਵਤੀ ਔਰਤ ਜੋ ਕਿ ਪਿਛਲੇ ਦਿਨੀ ਕੋਵਿਡ ਪੋਜਟਿਵ ਆਈ ਸੀ, ਦੇ ਬੀਤੇ ਦਿਨੀ ਨੇੜੇ ਦੇ ਸੰਪਰਕ ਵਿਚ ਆਏ 6 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ ਪੰਜ ਕੋਰੋਨਾ ਪਾਜ਼ੇਟਿਵ ਆਏ ਹਨ।
ਜਿਨ੍ਹਾਂ ਵਿਚ ਉਸ ਦਾ 24 ਸਾਲਾ ਪਤੀ, 2 ਸਾਲ ਦਾ ਪੁੱਤਰ, ਸੁੰਦਰ ਨਗਰ ਗਗਨ ਚੌਂਕ ਵਿਚ ਰਹਿਣ ਵਾਲੇ ਉਸ ਦੇ ਰਿਸ਼ਤੇਦਾਰ 33 ਸਾਲਾ ਯੁਵਕ, 23 ਸਾਲਾ ਔਰਤ ਅਤੇ ਇਕ ਸਾਲ ਦਾ ਲੜਕਾ ਵੀ ਸ਼ਾਮਲ ਹੈ। ਡਾ. ਮਲਹੋਤਰਾ ਨੇਂ ਦਸਿਆ ਕਿ ਇਸ ਤੋਂ ਇਲਾਵਾ ਨਾਭਾ ਦੀ ਬੈਂਕ ਕਲੋਨੀ ਵਿਚ ਰਹਿਣ ਵਾਲੀ 58 ਸਾਲਾ ਔਰਤ ਜੋ ਕਿ ਬੀਤੇ ਦਿਨੀ ਦਿੱਲੀ ਤੋਂ ਵਾਪਸ ਆਈ ਸੀ, ਦਾ ਬਾਹਰੀ ਰਾਜ ਤੋਂ ਆਉਣ ਕਾਰਨ ਕੋਵਿਡ ਜਾਂਚ ਲਈ ਲਿਆ ਸੈਂਪਲ ਕੋਵਿਡ ਪੋਜਟਿਵ ਪਾਇਆ ਗਿਆ ਹੈ। ਉਨ੍ਹਾਂ ਦੱਸਿਆਂ ਕਿ ਪਟਿਆਲਾ ਸ਼ਹਿਰ ਦੇ ਫੈਕਟਰੀ ਏਰੀਆ ਦੀ ਰਹਿਣ ਵਾਲੀ 30 ਸਾਲਾ ਗਰਭਵਤੀ ਔਰਤ ਜੋ ਕਿ ਗਰਭ ਅਵਸਥਾ ਦੀ ਤਕਲੀਫ਼ ਕਾਰਨ ਪਟਿਆਲਾ ਦੇ ਪ੍ਰਾਈਮ ਹਸਪਤਾਲ ਵਿਚ ਦਾਖਲ ਹੋਈ ਸੀ ਦਾ ਵੀ ਕੋਵਿਡ ਜਾਂਚ ਲਈ ਲਿਆ ਸੈਂਪਲ ਕੋਰੋਨਾ ਪਾਜ਼ੇਟਿਵ ਆਇਆ ਹੈ।
File photo
ਜਲੰਧਰ : ਤਿੰਨ ਹੋਰ ਪਾਜ਼ੇਟਿਵ
ਜਲੰਧਰ, 27 ਮਈ (ਸ਼ਰਮਾ/ਲੱਕੀ) : ਸ਼ਹਿਰ 'ਚ ਦੇਰ ਰਾਤ ਤਿੰਨ ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਦੋ ਵਿਅਕਤੀ ਵਿਜੇ ਨਗਰ ਵਿਚ ਇਕ ਰਿਸ਼ਤੇਦਾਰ ਦੇ ਘਰ ਵਿਚ ਰਹਿ ਰਹੇ ਸਨ, ਜੋ ਇਕ ਨਿਜੀ ਹਸਪਤਾਲ ਵਿਚ ਪਹਿਲਾਂ ਤੋਂ ਹੀ ਇਲਾਜ ਲਈ ਦਾਖ਼ਲ ਹੈ ਅਤੇ 1 ਆਰਪੀਐਫ ਜਵਾਨ ਹੈ। ਇਸ ਬਾਰੇ ਡਾਕਟਰ ਟੀ.ਪੀ. ਸਿੰਘ ਨੇ ਦਸਿਆ ਕਿ ਇਨ੍ਹਾਂ ਤਿੰਨਾਂ ਦੇ ਸੈਂਪਲ ਇਥੇ ਹੀ ਲਏ ਗਏ ਹਨ ।
ਮੋਹਾਲੀ : ਇਕ ਹੋਰ ਪਾਜ਼ੇਟਿਵ
ਐਸ.ਏ.ਐਸ ਨਗਰ, 27 ਮਈ (ਸੁਖਦੀਪ ਸਿੰਘ ਸੋਈਂ): ਤਿੰਨ ਦਿਨ ਪਹਿਲਾਂ ਤਕ ਕੋਰੋਨਾ ਮੁਕਤ ਜਿਲ੍ਹੇ ਦਾ ਦਰਜਾ ਹਾਸਲ ਕਰਨ ਵਾਲੇ ਐਸ.ਏ.ਐਸ. ਨਗਰ ਵਿਚ ਅੱਜ ਕੋਰੋਨਾ ਵਾਇਰਸ ਦੇ ਇਕ ਹੋਰ ਨਵੇਂ ਮਾਮਲੇ ਦੀ ਪੁਸ਼ਟੀ ਹੋਈ ਹੈ। ਸਥਾਨਕ ਸੈਕਟਰ-71 ਦੇ ਇਕ 32 ਸਾਲਾ ਵਿਅਕਤੀ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਪਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਦਿੱਲੀ ਦੇ ਇਕ ਬੈਂਕ ਵਿਚ ਕੰਮ ਕਰਦਾ ਸੀ ਅਤੇ ਬੀਤੇ ਦਿਨੀਂ ਦਿੱਲੀ ਤੋਂ ਮੋਹਾਲੀ ਪਰਤਿਆ ਸੀ।
ਲੁਧਿਆਣਾ : ਇਕ ਮਾਮਲਾ
ਲੁਧਿਆਣਾ, 27 ਮਈ (ਬਰਜਿੰਦਰ ਸਿੰਘ ਬਰਾੜ) : ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਜ਼ਿਲ੍ਹਾ ਲੁਧਿਆਣਾ ਵਿਚ ਪਿਛਲੇ 24 ਘੰਟਿਆਂ ਦੌਰਾਨ ਇਕ ਨਵਾਂ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਦਿੱਲੀ ਨਾਲ ਸਬੰਧਤ ਹੈ।
ਗੁਰਦਾਸਪੁਰ : ਇਕ ਮਾਮਲਾ
ਗੁਰਦਾਸਪੁਰ/ਪਠਾਨਕੋਟ 27 ਮਈ (ਪ.ਪ.) : ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਕਸਬਾ ਦੋਰਾਂਗਲਾ ਦਾ ਇਕ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਉਕਤ ਵਿਅਕਤੀ ਮੁੰਬਈ ਵਿਖੇ ਕੰਮ ਕਰਦਾ ਸੀ ਜੋ ਬੀਤੇ ਦਿਨੀਂ ਹੀ ਇਥੇ ਵਾਪਸ ਪਰਤਿਆ ਸੀ। ਜਿਸ ਨੂੰ ਧਾਰੀਵਾਲ ਵਿਖੇ ਆਈਸੋਲੇਟ ਕਰ ਦਿਤਾ ਗਿਆ ਹੈ। ਉਥੇ ਹੀ, ਪਠਾਨਕੋਟ ਵਿਚ ਇਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ. ਭੁਪਿੰਦਰ ਸਿੰਘ ਨੇ ਦਸਿਆ ਕਿ ਅੱਜ ਕੋਰੋਨਾ ਮਰੀਜ਼ ਪਾਇਆ ਗਿਆ ਹੈ। ਉਹ ਬੀਤੇ ਦਿਨੀਂ ਪਠਾਨਕੋਟ ਦੇ ਲਮੀਨੀ ਖੇਤਰ ਦੇ ਕੋਰੋਨਾ ਪਾਜ਼ੇਟਿਵ ਆਏ ਮਰੀਜ਼ ਦੇ ਸੰਪਰਕ ਵਿਚ ਆਇਆ ਸੀ।