
ਕੇਂਦਰ ਸਰਕਾਰ ਤੋਂ ਆਮਦਨ ਕਰ ਦੇ ਘੇਰੇ ਤੋਂ ਬਾਹਰ ਵਾਲੇ ਪਰਿਵਾਰਾਂ ਲਈ 7500 ਰੁਪਏ ਪ੍ਰਤੀ ਮਹੀਨਾ ਸਹਾਇਤਾ ਦੀ ਕੀਤੀ ਮੰਗ
ਚੰਡੀਗੜ੍ਹ: ਕੋਵਿਡ-19 ਕਾਰਨ ਲੱਗੇ ਲਾਕਡਾਊਨ ਕਾਰਨ ਲੋਕਾਂ ਦੀ ਆਰਥਿਕ ਤੇ ਸਰੀਰਕ ਦੁਰਗਤ ਦੇ ਮੁੱਦੇ ਉਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਪੰਜਾਬ ਦੇ ਖੇਡਾਂ ਤੇ ਯੁਵਕ ਅਤੇ ਐਨ.ਆਰ.ਆਈਜ਼. ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੰਗ ਕੀਤੀ ਹੈ ਕਿ ਆਮਦਨ ਕਰ ਦੇ ਘੇਰੇ ਤੋਂ ਬਾਹਰ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ 7500 ਰੁਪਏ ਪ੍ਰਤੀ ਮਹੀਨਾ ਛੇ ਮਹੀਨੇ ਲਈ ਜਮ੍ਹਾਂ ਕਰਵਾਏ ਜਾਣ ਤਾਂ ਕਿ ਸਾਰੇ ਪਰਿਵਾਰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰ ਸਕਣ।
Rana Gurmit Singh Sodhi
ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਪਰਿਵਾਰਾਂ ਨੂੰ ਫੌਰੀ 10 ਹਜ਼ਾਰ ਰੁਪਏ ਦੀ ਰਾਸ਼ੀ ਗੁਜ਼ਾਰੇ ਲਈ ਫੌਰੀ ਦਿੱਤੀ ਜਾਵੇ। ਇੱਥੇ ਆਪਣੇ ਸਰਕਾਰੀ ਨਿਵਾਸ ਤੋਂ ਅੱਜ ਫੇਸਬੁੱਕ ਪੇਜ ਉਤੇ ਲਾਈਵ ਹੋ ਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਸ ਮਹਾਂਮਾਰੀ ਨੂੰ ਰੋਕਣ ਲਈ ਲਾਗੂ ਕੀਤੀ ਤਾਲਾਬੰਦੀ ਦੌਰਾਨ ਲੋਕਾਂ ਨੂੰ ਰਾਹਤ ਪਹੁੰਚਾਉਣ ਵਿੱਚ ਬਿਲਕੁੱਲ ਨਾਕਾਮ ਰਹੀ ਹੈ, ਜਦੋਂ ਕਿ ਦੇਸ਼ ਭਰ ਵਿੱਚ ਸਾਰੇ ਵਰਗਾਂ ਦਾ ਬੁਰਾ ਹਾਲ ਹੋਇਆ ਪਿਆ ਹੈ।
Modi government
ਲੋਕ ਆਰਥਿਕ ਤੌਰ ਉਤੇ ਹੀ ਨਹੀਂ, ਸਗੋਂ ਸਰੀਰਕ ਤੇ ਮਾਨਸਿਕ ਤੌਰ ’ਤੇ ਵੀ ਟੁੱਟ ਚੁੱਕੇ ਹਨ। ਮਹਿੰਗਾਈ ਸਿਖਰ ਉਤੇ ਹੈ, ਆਰਥਿਕ ਹਾਲਾਤ ਡਾਵਾਂਡੋਲ ਹਨ ਅਤੇ ਮਜ਼ਦੂਰ ਸੜਕਾਂ ਉਤੇ ਰੁਲ ਰਹੇ ਹਨ ਪਰ ਕੇਂਦਰ ਸਰਕਾਰ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਮੁਸ਼ਕਲ ਦੀ ਇਸ ਘੜੀ ਵਿੱਚ ਲੋਕਾਂ ਦੀ ਹਰ ਸੰਭਵ ਮਦਦ ਕਰਨ ਦਾ ਅਹਿਦ ਮੁੜ ਦੁਹਰਾਉਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਮੇਂ ਲੱਖਾਂ ਹੀ ਪਰਵਾਸੀ ਮਜ਼ਦੂਰ, ਔਰਤਾਂ ਤੇ ਬੱਚੇ ਆਪਣੇ ਘਰ, ਸ਼ਹਿਰਾਂ ਤੇ ਪਿੰਡਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ ਪਰ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਕੋਈ ਰਾਹਤ ਤਾਂ ਕੀ ਦੇਣੀ ਸੀ, ਸਗੋਂ ਉਨ੍ਹਾਂ ਦਾ ਰੇਲ ਕਿਰਾਇਆ ਵੀ ਮੁਆਫ਼ ਨਹੀਂ ਕੀਤਾ ਜਾ ਰਿਹਾ।
Capt. Amrinder Singh
ਇਸ ਦੀ ਬਜਾਏ ਪੰਜਾਬ ਸਰਕਾਰ ਉਨ੍ਹਾਂ ਦਾ ਰੇਲ ਕਿਰਾਇਆ ਖ਼ੁਦ ਭਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਆਪੀ ਤਾਲਾਬੰਦੀ ਸ਼ੁਰੂ ਹੋਣ ਤੋਂ ਬਾਅਦ ਛੋਟੇ ਪੈਮਾਨੇ ਦੇ ਕਾਰੋਬਾਰੀਆਂ ਜਿਵੇਂ ਕਿ ਰਿਕਸ਼ਾ ਚਾਲਕਾਂ, ਰੇਹੜੀਆਂ ਫੜੀਆਂ ਵਾਲਿਆਂ, ਹਜ਼ਾਮਤ ਦੀਆਂ ਦੁਕਾਨਾਂ ਕਰਨ ਵਾਲਿਆਂ ਅਤੇ ਦਿਹਾੜੀਦਾਰਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਨੂੰ ਵੀ ਫੌਰੀ ਵਿੱਤੀ ਸਹਾਇਤਾ ਦੇਣ ਦੀ ਲੋੜ ਹੈ।
Lockdown
ਰਾਣਾ ਸੋਢੀ ਨੇ ਚਿਤਾਵਨੀ ਦਿੱਤੀ ਕਿ ਜੇ ਕੇਂਦਰ ਸਰਕਾਰ ਨੇ ਇਸ ਸੰਵੇਦਨਸ਼ੀਲ ਮੁੱਦੇ ਵੱਲ ਤੁਰਤ ਕੋਈ ਧਿਆਨ ਨਾ ਦਿੱਤਾ ਤਾਂ ਕਾਂਗਰਸ ਪਾਰਟੀ ਦੇਸ਼ ਵਿਆਪੀ ਅੰਦੋਲਨ ਵਿੱਢੇਗੀ ਅਤੇ ਸਰਕਾਰ ਨੂੰ ਲੋਕਾਂ ਦੀ ਮਦਦ ਕਰਨ ਲਈ ਮਜਬੂਰ ਕਰ ਦੇਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।