
ਐਕਟਿਵਾ ਦੋ ਟੋਟੇ ਹੋਈ ਤੇ ਟ੍ਰੈਕਟਰ ਦਾ ਟੁੱਟਿਆ ਸਪੈਂਡਲਰ
ਫ਼ਿਰੋਜ਼ਪੁਰ, 27 ਮਈ (ਜਗਵੰਤ ਸਿੰਘ ਮੱਲ੍ਹੀ): ਮਖ਼ੂ-ਮੋਗਾ ਹਾਈਵੇ ’ਤੇ ਪਿੰਡ ਲਹਿਰਾ ਬੇਟ ਨੇੜੇ ਟ੍ਰੈਕਟਰ ਟਰਾਲੀ ਅਤੇ ਐਕਟਿਵਾ ਦੀ ਹੋਈ ਆਹਮੋ-ਸਾਹਮਣੀ ਭਿਆਨਕ ਟੱਕਰ ’ਚ ਐਕਟਿਵਾ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਪਿੰਡ ਦੇ ਸ਼ਮਸ਼ਾਨਘਾਟ ਨੇੜੇ ਬਾਅਦ ਦੁਪਹਿਰ 2 ਵਜੇ ਹੋਏ ਹਾਦਸੇ ਦੌਰਾਨ ਟੱਕਰ ਐਨੀ ਜ਼ਬਰਦਸਤ ਸੀ ਕਿ ਸਕੂਟਰੀ ਦੇ ਦੋ ਟੋਟੇ ਹੋ ਗਈ। ਉਥੇ ਟ੍ਰੈਕਟਰ ਦਾ ਸਪੈਂਡਲਰ ਵੀ ਟੁੱਟ ਗਿਆ। ਸੋਨਾਲੀਕਾ ਟ੍ਰੈਕਟਰ ਚਾਲਕ ਮੌਕੇ ’ਤੋਂ ਫ਼ਰਾਰ ਹੋ ਗਿਆ।
ਹਾਦਸੇ ਨੂੰ ਅੱਖੀ ਵੇਖਣ ਵਾਲਿਆਂ ਨੇ ਤੜਪ ਰਹੇ ਨੌਜਵਾਨ ਦੇ ਬਚਾਅ ਲਈ ਫ਼ੋਨ ਕੀਤਾ ਪਰ ਐਂਬੂਲੈਂਸ ਦੇ ਪਹੁੰਚਣ ਤੋਂ ਪਹਿਲਾਂ ਹੀ ਜ਼ਖ਼ਮੀ ਨੌਜਵਾਨ ਦਮ ਤੋੜ ਗਿਆ। ਐਕਟਿਵਾ ਸਵਾਰ ਮਖ਼ੂ ਤੋਂ ਮੋਗਾ ਵਾਲੇ ਪਾਸੇ ਜਾ ਰਿਹਾ ਸੀ ਜਦਕਿ ਟ੍ਰੈਕਟਰ ਚਾਲਕ ਮਖ਼ੂ ਵਾਲੇ ਪਾਸੇ ਨੂੰ ਆ ਰਿਹਾ ਸੀ। ਤੇਜ਼ ਰਫ਼ਤਾਰ ਟ੍ਰੈਕਟਰ ਚਾਲਕ ਐਕਟਿਵਾ ਅਤੇ ਜ਼ਖ਼ਮੀ ਨੌਜਵਾਨ ਨੂੰ ਕਈ ਗ਼ਜ਼ ਤਕ ਨਾਲ ਹੀ ਘੜੀਸਦਾ ਲੈ ਗਿਆ। ਮ੍ਰਿਤਕ ਦੀ ਜੇਬ ’ਚੋਂ ਬਿਨਾਂ ਸਿੰਮ ਮੋਬਾਈਲ ਤੋਂ ਬਿਨਾਂ ਹੋਰ ਕੋਈ ਵੀ ਦਸਤਾਵੇਜ਼ ਨਾ ਮਿਲਣ ਕਰ ਕੇ ਮੌਕੇ ’ਤੇ ਪੁੱਜੀ ਮਖ਼ੂ ਪੁਲਿਸ ਵਲੋਂ ਨੌਜਵਾਨ ਦੀ ਸ਼ਨਾਖ਼ਤ ਲਈ ਚਾਰਾਜੋਈ ਕਰਨ ਸਮੇਤ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਸੀ।