
ਬੱਚਿਆਂ ਲਈ ਜਲਦ ਤੋਂ ਜਲਦ ਖ਼ਰੀਦੇ ਜਾਣ ਫ਼ਾਈਜ਼ਰ ਦੇ ਟੀਕੇ : ਕੇਜਰੀਵਾਲ
ਨਵੀਂ ਦਿੱਲੀ, 27 ਮਈ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੱਚਿਆਂ ਨੂੰ ਟੀਕਾ ਲਗਾਉਣ ਲਈ ਜਲਦ ਤੋਂ ਜਲਦ ਫ਼ਾਈਜ਼ਰ ਦਾ ਕੋਰੋਨਾ ਰੋਕੂ ਟੀਕਾ ਖ਼੍ਰੀਦਣ ਦੀ ਵੀਰਵਾਰ ਨੂੰ ਮੰਗ ਕੀਤੀ। ਉਨ੍ਹਾਂ ਇਹ ਮੰਗ ਉਦੋਂ ਕੀਤੀ ਜਦੋਂ ਇਸ ਤੋਂ ਪਹਿਲਾਂ ਅਮਰੀਕੀ ਦਵਾਈ ਕੰਪਨੀ ਨੇ ਭਾਰਤ ’ਚ ਅਪਣੇ ਟੀਕਿਆਂ ਨੂੰ ਜਲਦ ਤੋਂ ਜਲਦ ਮਨਜ਼ੂਰੀ ਦਿਤੇ ਜਾਣ ਦੀ ਮੰਗ ਕੀਤੀ। ਸੂਤਰਾਂ ਨੇ ਦਸਿਆ ਕਿ ਅਮਰੀਕੀ ਕੰਪਨੀ ਨੇ ਅਮਰੀਕੀ ਅਧਿਕਾਰੀਆਂ ਨੇ ਦਸਿਆ ਕਿ ਉਸ ਦਾ ਟੀਕਾ 12 ਸਾਲ ਜਾਂ ਉਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਲਈ ਉੱਚਿਤ ਹੈ ਅਤੇ ਇਸ ਦਾ 2 ਤੋਂ 8 ਡਿਗਰੀ ’ਤੇ ਇਕ ਮਹੀਨਿਆਂ ਲਈ ਭੰਡਾਰ ਕੀਤਾ ਜਾ ਸਕਦਾ ਹੈ।
ਕੇਜਰੀਵਾਲ ਨੇ ਕੰਪਨੀ ਵਲੋਂ ਜਲਦ ਹੀ ਇਸ ਨੂੰ ਮਨਜ਼ੂਰੀ ਦਿਤੇ ਜਾਣ ਸਬੰਧੀ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,‘‘ਸਾਨੂੰ ਅਪਣੇ
ਬੱਚਿਆਂ ਲਈ ਜਲਦ ਤੋਂ ਜਲਦ ਇਸ ਟੀਕੇ ਨੂੰ ਖ਼੍ਰੀਦਣਾ ਚਾਹੀਦਾ।’’ ਦਿੱਲੀ ਦੇ ਮੁੱਖ ਮੰਤਰੀ ਆਉਣ ਵਾਲੇ ਮਹੀਨਿਆਂ ’ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦਾ ਬੱਚਿਆਂ ’ਤੇ ਅਸਰ ਪੈਣ ਦੇ ਮਾਹਿਰਾਂ ਦੇ ਖਦਸ਼ੇ ਦਾ ਹਵਾਲਾ ਦਿੰਦੇ ਹੋਏ ਟੀਕਿਆਂ ਦੇ ਉੱਚਿਤ ਬਦਲ ਲੱਭਣ ਲਈ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਰਹੇ ਹਨ। ਦਿੱਲੀ ਸਰਕਾਰ ਨੇ ਕੇਂਦਰ ਨੂੰ ਇਹ ਵੀ ਸੁਝਾਅ ਦਿਤਾ ਕਿ ਜੇਕਰ ਉਹ 12ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਕਰਵਾਉਣ ਦਾ ਫ਼ੈਸਲਾ ਕਰਦੀ ਹੈ ਤਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਟੀਕੇ ਲਗਾਏ ਜਾਣ। ਫਾਈਜ਼ਰ ਨੇ ਹਾਲ ਹੀ ’ਚ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੀ। ਉਸ ਨੇ ਜੁਲਾਈ ਅਤੇ ਅਕਤੂਬਰ ਦਰਮਿਆਨ ਟੀਕਿਆਂ ਦੀਆਂ 5 ਕਰੋੜ ਖ਼ੁਰਾਕਾਂ ਦੇਣ ਦੀ ਪੇਸ਼ਕਸ਼ ਕੀਤੀ ਹੈ। (ਏਜੰਸੀ)