
ਸਰਕਾਰ ਦਾ ਹਾਲ ਇਹ ਹੋਇਆ ਪਿਆ ਹੈ ਕਿ ਉਹ ਆਮ ਵਰਕਰ 'ਤੇ ਵੀ ਕਾਰਵਾਈ ਕਰ ਰਹੀ ਹੈ
ਚੰਡੀਗੜ੍ਹ - ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰੈਸ ਕਾਨਫਰੰਸ ਕਰ ਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਤੇ ਕਈ ਮੁੱਦੇ ਚੁੱਕੇ। ਉਹਨਾਂ ਨੇ ਵਿਦਿਆਰਥੀਆਂ ਦੀਆਂ ਡਿਗਰੀਆਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਹੁਣ ਹਾਲਾਤ ਇਹ ਹੋ ਗਏ ਹਨ ਕਿ ਯੂਨੀਵਰਸਿਟੀ ਵਾਲੇ ਵਿਦਿਆਰਥੀਆਂ ਦੀਆਂ ਡਿਗਰੀਆਂ ਨਹੀਂ ਦੇ ਰਹੇ ਕਿਉਂਕਿ ਸਰਕਾਰ ਨੇ ਉਹਨਾਂ ਦੇ ਪੈਸੇ ਜਮ੍ਹਾਂ ਨਹੀਂ ਕਰਵਾਏ ਤੇ ਨਾ ਹੀ ਯੂਨੀਵਰਸਿਟੀ ਵਿਦਿਆਰਥੀਆਂ ਦੇ ਰੋਲ ਨੰਬਰ ਦੇ ਰਹੀ ਹੈ।
ਉਹਨਾਂ ਕਿਹਾ ਕਿ ਜੇਕਰ ਵਿਦਿਆਰਥੀ ਯੂਨੀਵਰਸਿਟ ਵਿਚ ਜਾਂਦੇ ਵੀ ਹਨ ਤਾਂ ਯੂਨੀਵਰਸਿਟੀ ਵਾਲੇ ਉਹਨਾਂ ਨੂੰ ਫੀਸ ਭਰਨ ਲਈ ਕਹਿੰਦੇ ਹਨ ਤੇ ਗਰੀਬ ਬੱਚਿਆਂ ਕੋਲ ਇੰਨਾ ਪੈਸਾ ਹੁੰਦਾ ਨਹੀਹਂ ਕਿ ਉਹ ਅਪਣੀ ਫ਼ੀਸ ਭਰ ਸਕਣ। ਉਹਨਾਂ ਨੂੰ ਫਿਰ ਮਜਬੂਰੀ ਵੱਸ ਘਰ ਬੈਠਣਾ ਪੈਂਦਾ ਹੈ। ਇਹਨਾਂ ਵਿਦਿਆਰਥੀਆਂ ਨੇ ਜਦੋਂ ਜਲੰਧਰ ਵਿਚ ਧਰਨਾ ਲਗਾਇਆ ਤਾਂ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇ ਸਰਕਾਰ ਪਿਛਲੇ ਪੈਸੇ ਨਹੀਂ ਦੇ ਸਕਦੀ ਤਾਂ ਕੋਈ ਗੱਲ ਨਹੀਂ ਪਰ ਹੁਣ ਵਾਲੇ ਬੈਚ ਦੇ ਪੈਸੇ ਤਾਂ ਚੱਲਦੇ ਰੱਖੋ। ਉਹਨਾਂ ਨੇ ਸਰਕਾਰ ਦੀ ਆਟਾ ਦਾਲ ਸਕੀਮ ਨੂੰ ਲੈ ਕੇ ਕਿਹਾ ਕਿ ਲੋਕਾਂ ਨੇ ਆਟਾ, ਦਾਲ ਤੇ ਮੁਫ਼ਤ ਬਿਜਲੀ ਕੀ ਕਰਨੀ ਹੈ, ਇਸ ਨਾਲ ਥੋੜ੍ਹੀ ਬਹੁਤੀ ਰੋਜ਼ ਮਰਾ ਦੀ ਜ਼ਿੰਦਗੀ ਤਾਂ ਨਿਕਲ ਜਾਂਦੀ ਹੈ ਪਰ ਗਰੀਬੀ ਤਾਂ ਪੜ੍ਹਾਈ ਨਾਲ ਹੀ ਨਿਕਲਦੀ ਹੈ।
ਉਹਨਾਂ ਨੇ ਕਿਹਾ ਕਿ ਜੇਕਰ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪੜ੍ਹਨ ਦਾ ਮੌਕਾ ਹੀ ਨਹੀਂ ਮਿਲੇਗਾ ਤਾਂ ਉਹ ਮਜਦੂਰੀ ਹੀ ਕਰਨਗੇ ਤੇ ਨਸ਼ਿਆਂ ਵੱਲ ਲੱਗਣਗੇ।
ਸਾਬਕਾ ਮੁੱਖ ਮੰਤਰੀ ਨੇ ਉਹਨਾਂ 'ਤੇ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ ਜਿਹਨਾਂ ਨੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਦਾ ਹਾਲ ਇਹ ਹੋਇਆ ਪਿਆ ਹੈ ਕਿ ਉਹ ਆਮ ਵਰਕਰ 'ਤੇ ਵੀ ਕਾਰਵਾਈ ਕਰ ਰਹੀ ਹੈ ਜੇ ਕੋਈ ਜਰਾ ਕੁ ਵੀ ਸਰਕਾਰ ਦੇ ਖਿਲਾਫ਼ ਬੋਲਦਾ ਹੈ ਤਾਂ ਸਰਕਾਰ ਉਸ 'ਤੇ ਜ਼ੁਲਮ ਕਰਦੀ ਹੈ।
ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਚਮਕੌਰ ਸਾਹਿਬ ਵਿਚ ਡਾਕਟਰਾਂ ਦੀ ਵੀ ਕਮੀ ਹੈ, ਉੱਥੇ 13 ਡਾਕਟਰ ਹੋਣੇ ਚਾਹੀਦੇ ਹਨ ਪਰ ਹੁਣ ਸਿਰਫ਼ 1 ਹੀ ਡਾਕਟਰ ਹੈ ਤੇ ਉਹ ਵੀ ਅਪਣੀ ਡਿਊਟੀ ਕਰ ਕੇ ਚਲਾ ਜਾਂਦਾ ਹੈ ਤੇ ਬਾਅਦ ਵਿਚ ਇਲਾਜ ਲਈ ਕੋਈ ਨਹੀਂ ਹੁੰਦਾ। ਤੇ ਇਸੇ ਡਾਕਟਰਾਂ ਦੀ ਕਮੀ ਕਰ ਕੇ ਬੀਤੇ ਦਿਨੀਂ 2 ਨੌਜਵਾਨਾਂ ਦੀ ਮੌਤ ਵੀ ਹੋ ਗਈ ਹੈ।