ਫਿਲਹਾਲ ਪਰਿਵਾਰ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
ਲੁਧਿਆਣਾ : ਸ਼ਿਮਲਾਪੁਰੀ 'ਚ ਗੁਰਦੁਆਰਾ ਗੋਬਿੰਦਸਰ ਨੇੜੇ ਇਕ ਘਰ 'ਚੋਂ ਬਦਬੂ ਆਉਣ 'ਤੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿਤੀ। ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਦਰਵਾਜ਼ਾ ਤੋੜਿਆ ਤਾਂ ਅੰਦਰੋਂ ਨੌਜਵਾਨ ਦੀ ਲਾਸ਼ ਮਿਲੀ। ਉਸ ਦੀ ਪਛਾਣ ਜਸਕਰਨ ਸਿੰਘ (27) ਵਜੋਂ ਹੋਈ ਹੈ। ਇਸ ਸਬੰਧੀ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰਨ 'ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾਇਆ ਹੈ। ਫਿਲਹਾਲ ਪਰਿਵਾਰ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
ਐਸਐਚਓ ਪ੍ਰਮੋਦ ਕੁਮਾਰ ਨੇ ਦਸਿਆ ਕਿ ਜਸਕਰਨ ਨੇ ਬੀ.ਟੈਕ ਦੀ ਪੜ੍ਹਾਈ ਪੂਰੀ ਕਰ ਲਈ ਸੀ ਅਤੇ ਹੁਣ ਸਿਵਲ ਇੰਜਨੀਅਰਿੰਗ ਦੀ ਤਿਆਰੀ ਕਰ ਰਿਹਾ ਸੀ। ਉਸ ਦੇ ਪਿਤਾ ਇੱਕ ਫਾਰਮਾਸਿਸਟ ਹਨ। ਜਸਕਰਨ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ, ਉਸ ਦੇ ਦੋਸਤਾਂ ਨੂੰ ਵੀ ਉਸ ਬਾਰੇ ਕੁਝ ਪਤਾ ਨਹੀਂ ਸੀ।
ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿਤੀ ਸੀ। ਇਸੇ ਦੌਰਾਨ ਸ਼ਨੀਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਜਸਕਰਨ ਦੇ ਘਰ ਤੋਂ ਦੋ ਗਲੀਆਂ ਦੂਰ ਇਕ ਘਰ 'ਚੋਂ ਬਦਬੂ ਆ ਰਹੀ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦਰਵਾਜ਼ਾ ਤੋੜ ਕੇ ਅੰਦਰ ਜਸਕਰਨ ਦੀ ਲਾਸ਼ ਪਈ ਮਿਲੀ। ਜੋ ਜਸਕਰਨ ਦੇ ਦੋਸਤ ਵਰਿੰਦਰ ਦਾ ਘਰ ਸੀ। ਪਰ ਦੋਸਤ ਫਰਾਰ ਸੀ। ਦੂਜੇ ਪਾਸੇ ਲੋਕਾਂ ਨੇ ਦਸਿਆ ਕਿ ਉਸ ਘਰ ਦੇ ਲੜਕੇ ਅਕਸਰ ਨਸ਼ਾ ਕਰਦੇ ਹਨ। ਪਰ ਜਸਕਰਨ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।