ਕਿਸੇ ਨਾਲੋਂ ਵੀ ਘੱਟ ਨਹੀਂ ਨੇ ਇਹ ਮੰਦਬੁਧੀ ਬੱਚੇ , ਕਮਾ ਕੇ ਮਾਪਿਆਂ ਨੂੰ ਕਰਾ ਰਹੇ ਮਾਣ ਮਹਿਸੂਸ
ਅੰਮ੍ਰਿਤਸਰ : (ਗਗਨਦੀਪ ਕੌਰ, ਅਰਪਨ ਕੌਰ) ਅੰਮ੍ਰਿਤਸਰ ਸ਼ਹਿਰ 'ਚ ਐਲਫਾ ਮਾਲ 'ਚ ਮਿੱਟੀ ਕੈਫੇ ਖੋਲਿਆ ਗਿਆ ਹੈ। ਇਸ ਕੈਫੇ ਦੀ ਖਾਸੀਅਤ ਹੈ ਕਿ ਇਥੇ ਅਪਾਹਜ ਬੱਚਿਆਂ ਨੂੰ ਕੰਮ ਕਰਨ ਦਾ ਮੌਕਾ ਦਿਤਾ ਜਾਂਦਾ ਹੈ। ਇਹ ਮਿੱਟੀ ਕੈਫੇ ਉਹਨਾਂ ਬੱਚਿਆਂ ਵਲੋਂ ਚਲਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਅਸੀਂ ਮੰਦਬੁਧੀ ਕਹਿ ਦਿੰਦੇ ਹਾਂ। ਰੋਜ਼ਾਨਾ ਸਪੋਕਸਮੈਨ ਵਲੋਂ ਇਹਨਾਂ ਮੰਦਬੁਧੀ ਬੱਚਿਆਂ ਨਾਲ ਗੱਲਬਾਤ ਕੀਤੀ ਗਈ।
ਗੱਲਬਾਤ ਦੌਰਾਨ ਸਰਬਜੀਤ ਸਿੰਘ ਨੇ ਕਿਹਾ ਕਿ ਉਸ ਨੂੰ ਇਸ ਕੈਫ਼ੇ 'ਚ ਕੰਮ ਕਰਦੇ ਨੂੰ ਮਹੀਨਾ ਹੋ ਗਿਆ। ਉਸ ਨੇ ਇਸ ਤੋਂ ਪਹਿਲਾਂ ਕਿਤੇ ਵੀ ਕੰਮ ਨਹੀਂ ਕੀਤਾ। ਇਹ ਉਸ ਦੀ ਜ਼ਿੰਦਗੀ ਦੀ ਪਹਿਲੀ ਨੌਕਰੀ ਹੈ। ਉਸ ਨੂੰ ਤੇ ਉਸ ਦੇ ਪ੍ਰਵਾਰ ਨੂੰ ਖੁਸ਼ੀ ਹੁੰਦੀ ਹੈ। ਸਰਬਜੀਤ ਨੇ ਦਸਿਆ ਕਿ ਉਸ ਨੇ ਹੁਣ ਤੱਕ ਪਾਸਤਾ, ਮੈਗੀ ਤੇ ਹੋਰ ਵੀ ਕਈ ਚੀਜ਼ਾਂ ਬਣਾਉਣੀਆਂ ਸਿੱਖ ਲਈਆਂ ਹਨ। ਸਰਬਜੀਤ ਨੇ ਕਿਹਾ ਕਿ ਲੋਕਾਂ ਨੂੰ ਉਸ ਦੇ ਹੱਥ ਦੀ ਚਾਹ ਬਹੁਤ ਪਸੰਦ ਹੈ। ਕੈਫੇ 'ਚ ਕੰਮ ਕਰਨ ਵਾਲੀ ਅੰਕਿਤਾ ਨਾਲ ਵੀ ਗੱਲਬਾਤ ਕੀਤੀ ਗਈ।
ਉਸ ਨੇ ਗੱਲਬਾਤ ਦੌਰਾਨ ਦਸਿਆ ਕਿ ਉਸ ਨੂੰ ਕੰਮ ਕਰਕੇ ਖੁਸ਼ੀ ਮਹਿਸੂਸ ਹੁੰਦੀ ਹੈ। ਉਹਨਾਂ ਹੁਣ ਤੱਕ ਚਾਹ, ਮੈਗੀ ਤੇ ਸੈਂਡਵਿਚ ਬਣਾਉਣਾ ਸਿੱਖ ਲਿਆ ਹੈ। ਉਸ ਦੇ ਪ੍ਰਵਾਰਕ ਵਾਲੇ ਉਸ ਨੂੰ ਕੰਮ ਕਰਦੀ ਨੂੰ ਵੇਖ ਕੇ ਖੁਸ਼ ਹਨ। ਅੰਮ੍ਰਿਤਸਰ ਦੀ ਫਿੱਕੀ ਫਲੋਅ ਸੰਸਥਾ ਨੇ ਇਹਨਾਂ ਬੱਚਿਆਂ ਨੂੰ ਕੰਮ ਕਰਨ ਦਾ ਮੌਕਾ ਦਿਤਾ ਗਿਆ। ਇਸ ਸੰਸਥਾ ਨੇ ਲੋਕਾਂ ਨੂੰ ਦਸਿਆ ਕਿ ਇਹ ਬੱਚੇ ਵੀ ਦੂਜੇ ਬੱਚਿਆਂ ਵਾਂਗ ਕੰਮ ਕਰ ਸਕਦੇ ਹਨ ਤੇ ਕਮਾ ਸਕਦੇ ਹਨ।
ਮਿੱਟੀ ਕੈਫੇ ਦੇ ਮੈਨੇਜਰ ਅੰਗਦ ਨੇ ਦਸਿਆ ਕਿ ਉਹ ਇਥੇ ਬੱਚਿਆਂ ਨੂੰ ਖਾਣਾ ਬਣਾਉਣਾ ਸਿਖਾਉਂਦੇ ਹਨ। ਉਹਨਾਂ ਕਿਹਾ ਕਿ ਉਹਨਾਂ ਕੋਲ 10-12 ਮੰਦਬੁਧੀ ਬੱਚੇ ਆਏ ਸਨ, ਉਹਨਾਂ ਨੇ ਪਹਿਲਾਂ ਉਹਨਾਂ ਨੂੰ ਟ੍ਰੈਨਿੰਗ ਦਿਤੀ, ਉਨ੍ਹਾਂ ਵਿਚੋਂ ਕਈ ਬੱਚੇ ਅਜਿਹੇ ਸਨ ਜੋ ਰੋਣ ਲੱਗ ਪੈਂਦੇ ਸਨ ਤੇ ਉਹਨਾਂ ਵਿਚੋਂ ਇਹ ਪੰਜ ਬੱਚੇ ਚੁਣੇ ਗਏ ਤੇ ਇਨ੍ਹਾਂ ਨੂੰ ਦੋ ਮਹੀਨੇ ਦੀ ਸਿਖਲਾਈ ਦਿਤੀ ਗਈ। ਉਹਨਾਂ ਕਿਹਾ ਕਿ ਇਹ ਬੱਚੇ ਵਧੀਆਂ ਕੰਮ ਕਰ ਰਹੇ ਹਨ ਤੇ ਕਈ ਵਾਰ ਜਲਦੀ ਗੁੱਸੇ 'ਚ ਆ ਜਾਂਦੇ ਹਨ ਤੇ ਰੁਸ ਕੇ ਬੈਠ ਜਾਂਦੇ ਹਨ। ਇਨ੍ਹਾਂ ਨੂੰ ਮਨਾਉਣਾ ਕਾਫੀ ਔਖਾ ਹੋ ਜਾਂਦਾ ਹੈ।