
ਦਰੱਖਤਾਂ ਨਾਲ ਟਕਰਾਈ ਕਾਰ
Punjab News: ਪੰਜਾਬ ਦੀ ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੀ ਪਤਨੀ ਗੁਰਪ੍ਰੀਤ ਕੌਰ ਦੀ ਕਾਰ ਬੀਤੇ ਐਤਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਉਹ ਚੋਣ ਪ੍ਰਚਾਰ ਤੋਂ ਬਾਅਦ ਰਾਏਕੋਟ ਤੋਂ ਵਾਪਸ ਆ ਰਹੇ ਸਨ ਤਾਂ ਲੁਧਿਆਣਾ ਮਾਲੇਰਕੋਟਲਾ ਰੋਡ 'ਤੇ ਉਨ੍ਹਾਂ ਦੀ ਕਾਰ ਦਾ ਟਾਇਰ ਫਟ ਗਿਆ। ਇਸ ਕਾਰਨ ਕਾਰ ਬੇਕਾਬੂ ਹੋ ਕੇ ਦਰੱਖਤਾਂ ਨਾਲ ਜਾ ਟਕਰਾਈ।
ਜੀਪੀ ਦੀ ਪਤਨੀ ਕਾਰ ਦੀ ਪਿਛਲੀ ਸੀਟ 'ਤੇ ਬੈਠੀ ਸੀ। ਕਾਰ ਦੇ ਦਰੱਖਤ ਨਾਲ ਟਕਰਾ ਕੇ ਜ਼ੋਰਦਾਰ ਝਟਕਾ ਲੱਗਿਆ, ਜਿਸ ਕਾਰਨ ਗੁਰਪ੍ਰੀਤ ਕੌਰ ਜ਼ਖਮੀ ਹੋ ਗਏ। ਪੰਜਾਬ ਜੈਨਕੋ ਦੇ ਚੇਅਰਮੈਨ ਨਵਜੋਤ ਸਿੰਘ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਪਿਛਲੀ ਸੀਟ 'ਤੇ ਮੌਜੂਦ ਸੀ। ਉਨ੍ਹਾਂ ਦੇ ਗੋਡੇ ਵਿਚ ਵੀ ਫਰੈਕਚਰ ਹੈ।
ਇਨ੍ਹਾਂ ਦੋਨਾਂ ਤੋਂ ਇਲਾਵਾ ਕਾਰ ਵਿਚ ਇਕ ਡਰਾਈਵਰ ਅਤੇ ਇਕ ਗੰਨਮੈਨ ਵੀ ਸੀ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਕਿਉਂਕਿ ਉਸ ਨੇ ਸੀਟ ਬੈਲਟ ਬੰਨ੍ਹੀ ਹੋਈ ਸੀ। ਹਾਦਸੇ ਵਿਚ ਗੁਰਪ੍ਰੀਤ ਕੌਰ ਦੀ ਬਾਂਹ ਤਿੰਨ ਥਾਵਾਂ ’ਤੇ ਫਰੈਕਚਰ ਹੋ ਗਈ। ਇਸ ਤੋਂ ਉਭਰਨ ਲਈ ਡਾਕਟਰ ਨੇ ਉਨ੍ਹਾਂ ਨੂੰ ਅਪਰੇਸ਼ਨ ਕਰਵਾਉਣ ਦੀ ਸਲਾਹ ਦਿਤੀ ਹੈ ਪਰ ਗੁਰਪ੍ਰੀਤ ਕੌਰ ਨੇ ਫਿਲਹਾਲ ਅਪਰੇਸ਼ਨ ਕਰਨ ਤੋਂ ਇਨਕਾਰ ਕਰ ਦਿਤਾ ਹੈ। ਪਲਸਤਰ ਲੱਗਣ ਤੋਂ ਬਾਅਦ ਫਿਰ ਤੋਂ ਚੋਣ ਪ੍ਰਚਾਰ ਸ਼ੁਰੂ ਕਰ ਦਿਤਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਲੋਕਾਂ ਵਿਚ ਜਾ ਕੇ ਪ੍ਰਚਾਰ ਕਰਨਾ ਜ਼ਿਆਦਾ ਜ਼ਰੂਰੀ ਹੈ, ਸਰਜਰੀ ਨਹੀਂ। ਗੁਰਪ੍ਰੀਤ ਕੌਰ ਨੇ ਕਿਹਾ ਕਿ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਲੋਕਾਂ ਨੇ ਬਹੁਤ ਕੁਰਬਾਨੀਆਂ ਦਿਤੀਆਂ ਹਨ। ਅਜੋਕੇ ਸਮੇਂ ਵਿਚ ਵੀ ਦੇਸ਼ ਨੂੰ ਬਚਾਉਣਾ ਜ਼ਰੂਰੀ ਹੈ।
(For more Punjabi news apart from AAP candidate wife met with an Accident, stay tuned to Rozana Spokesman)