
Kapurthala News : ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
Kapurthala News : ਕਪੂਰਥਲਾ ਦੇ ਪਿੰਡ ਬਹੂਈ ’ਚ ਮੰਗਲਵਾਰ ਨੂੰ ਪੁਰਾਣੀ ਰੰਜਿਸ਼ ਕਾਰਨ ਦੋ ਗੁੱਟਾਂ ’ਚ ਝੜਪ ਹੋ ਗਈ। ਜਿਸ 'ਚ ਦੋਵਾਂ ਧੜਿਆਂ ਦੇ ਲੋਕਾਂ ਨੇ ਇਕ ਦੂਜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ 'ਚ ਦੋਹਾਂ ਧੜਿਆਂ ਦੇ 7 ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਆਸ-ਪਾਸ ਦੇ ਲੋਕਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖ਼ਲ ਕਰਵਾਇਆ। ਜਿੱਥੇ ਡਾਕਟਰ ਨੇ ਨੌਜਵਾਨ ਦੀ ਹਾਲਤ ਗੰਭੀਰ ਦੱਸਦਿਆਂ ਮੁੱਢਲੀ ਸਹਾਇਤਾ ਦੇ ਬਾਅਦ ਰੈਫਰ ਕਰ ਦਿੱਤਾ। ਜਦਕਿ ਬਾਕੀ ਸਾਰੇ ਜ਼ਖਮੀਆਂ ਦਾ ਐਮਰਜੈਂਸੀ ਵਾਰਡ 'ਚ ਇਲਾਜ ਚੱਲ ਰਿਹਾ ਹੈ। ਇਸ ਘਟਨਾ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਐਸਐਚਓ ਪਲਵਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਖ਼ਮੀਆਂ ਦੀ ਪਛਾਣ ਮਹਿੰਦਰਪਾਲ ਵਾਸੀ ਪਿੰਡ ਬਹੂਈ, ਉਸ ਦੀ ਪਤਨੀ ਜੋਸਵਿਨ, ਪੁੱਤਰ ਦੀਪਕ, ਕਮਲ ਅਤੇ ਅਭੀ ਵਜੋਂ ਹੋਈ ਹੈ। ਜਦੋਂ ਕਿ ਦੂਜੇ ਧੜੇ ’ਚ ਵਿਸ਼ਾਲ ਅਤੇ ਗਗਨ ਵਾਸੀ ਮੁਹੱਲਾ ਤੋਤਾ ਸ਼ੇਖੂਪੁਰ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਵਿੱਚੋਂ ਗਗਨ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ।
ਘਟਨਾ ਸਬੰਧੀ ਜ਼ਖਮੀ ਮਹਿੰਦਰਪਾਲ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਕੱਢੇ ਗਏ ਵਿਸ਼ਾਲ ਸੋਭਾ ਯਾਤਰਾ ਦੌਰਾਨ ਉਸ ਦੇ ਲੜਕੇ ਕਮਲ ਦੀ ਕੁਝ ਨੌਜਵਾਨਾਂ ਨਾਲ ਬਹਿਸ ਹੋ ਗਈ। ਪਰ ਲੋਕਾਂ ਨੇ ਦਖ਼ਲ ਦੇ ਕੇ ਸਾਰਿਆਂ ਨੂੰ ਆਪੋ-ਆਪਣੇ ਘਰਾਂ ਨੂੰ ਭੇਜ ਦਿੱਤਾ। ਮੰਗਲਵਾਰ ਸਵੇਰੇ ਉਹ ਆਪਣੇ ਪਰਿਵਾਰ ਸਮੇਤ ਘਰ 'ਚ ਮੌਜੂਦ ਸੀ। ਉਦੋਂ ਕੁਝ ਲੋਕ ਰੌਲਾ ਪਾਉਂਦੇ ਹੋਏ ਘਰ ਦੇ ਬਾਹਰ ਆ ਗਏ। ਜਿਨ੍ਹਾਂ ਦੀ ਗਿਣਤੀ 20 ਤੋਂ 30 ਦੇ ਕਰੀਬ ਸੀ। ਸਾਰਿਆਂ ਦੇ ਹੱਥਾਂ ’ਚ ਤੇਜ਼ਧਾਰ ਹਥਿਆਰ ਸਨ। ਸਾਰੇ ਉਸ ਦੇ ਘਰ ਦਾ ਦਰਵਾਜ਼ਾ ਖੜਕਾਉਣ ਲੱਗੇ। ਪਰ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਿਸ ਤੋਂ ਬਾਅਦ ਹਮਲਾਵਰਾਂ ਨੇ ਹਥਿਆਰਾਂ ਨਾਲ ਉਨ੍ਹਾਂ ਦੇ ਦਰਵਾਜ਼ੇ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁਝ ਹਮਲਾਵਰਾਂ ਨੇ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋ ਕੇ ਸਾਰੇ ਪਰਿਵਾਰਕ ਮੈਂਬਰਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਮੈਂ, ਮੇਰੀ ਪਤਨੀ ਅਤੇ ਤਿੰਨ ਪੁੱਤਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਘਟਨਾ ਸਬੰਧੀ ਦੂਜੇ ਧੜੇ ਦੇ ਜ਼ਖ਼ਮੀ ਨੌਜਵਾਨ ਵਿਸ਼ਾਲ ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਉਨ੍ਹਾਂ ਦੇ ਲੜਕੇ ਦੀ ਕੁਝ ਵਿਅਕਤੀਆਂ ਨਾਲ ਝਗੜਾ ਹੋ ਗਿਆ ਸੀ। ਪਰ ਲੋਕਾਂ ਨੇ ਸਾਰਿਆਂ ਨੂੰ ਦਿਲਾਸਾ ਦੇ ਕੇ ਘਰ ਭੇਜ ਦਿੱਤਾ। ਮੰਗਲਵਾਰ ਸਵੇਰੇ ਉਸ ਦਾ ਬੇਟਾ ਚਚੇਰੇ ਭਰਾ ਗਗਨ ਨਾਲ ਸੈਰ ਕਰਨ ਗਿਆ ਸੀ। ਫਿਰ ਰਸਤੇ 'ਚ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਫਿਰ ਕਿਸੇ ਨੇ ਉਸ ਨੂੰ ਸੂਚਨਾ ਦਿੱਤੀ ਕਿ ਕੁਝ ਲੋਕ ਉਸ ਦੇ ਪੁੱਤਰ ਨੂੰ ਮਾਰ ਰਹੇ ਹਨ।
ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਸਾਰੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਜ਼ਖਮੀ ਵਿਸ਼ਾਲ ਅਤੇ ਗਗਨ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਜਿੱਥੇ ਡਾਕਟਰ ਨੇ ਜ਼ਖ਼ਮੀ ਨੌਜਵਾਨ ਗਗਨ ਦੀ ਹਾਲਤ ਨੂੰ ਗੰਭੀਰ ਦੱਸਦਿਆਂ ਮੁੱਢਲੀ ਸਹਾਇਤਾ ਦੇ ਬਾਅਦ ਰੈਫਰ ਕਰ ਦਿੱਤਾ। ਡਾਕਟਰ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਕੇ ਇਲਾਜ ਕੀਤਾ ਜਾ ਰਿਹਾ ਹੈ। ਦੋਵਾਂ ਧਿਰਾਂ ਦੀ ਐਮਐਲਆਰ ਸਬੰਧਤ ਥਾਣੇ ਨੂੰ ਭੇਜ ਦਿੱਤੀ ਗਈ ਹੈ।
(For more news apart from Clash took place in 2 Groups, 7 persons injured in Kapurthala News in Punjabi, stay tuned to Rozana Spokesman)