
Raja Warring : ਕਿਹਾ: ਲੁਧਿਆਣਾ ਅਤੇ ਕਾਂਗਰਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ
Raja Warring :ਲੁਧਿਆਣਾ- ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਕਾਂਗਰਸ 2019 ਵਿਚ ਇੱਥੋਂ ਆਪਣੀ ਜਿੱਤ ਦੇ ਫ਼ਰਕ ’ਚ ਕਾਫ਼ੀ ਸੁਧਾਰ ਕਰੇਗੀ। ਉਨ੍ਹਾਂ ਲੁਧਿਆਣਾ ਦੇ ਲੋਕਾਂ ਨੂੰ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇੱਥੋਂ ਦੇ ਲੋਕ ਹਮੇਸ਼ਾ ਕਾਂਗਰਸ ਦੇ ਨਾਲ ਖੜ੍ਹੇ ਹਨ, ਚਾਹੇ ਕੋਈ ਵੀ ਪਾਰਟੀ ਲਈ ਚੋਣ ਲੜੇ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਵਾਰ ਵੀ ਇਹ ਰੁਝਾਨ ਬਿਹਤਰ ਫ਼ਰਕ ਨਾਲ ਜਾਰੀ ਰਹੇਗਾ।
ਰਾਜਾ ਵੜਿੰਗ, ਗਿੱਲ ਵਿਧਾਨ ਸਭਾ ਹਲਕੇ ’ਚ ਚੋਣ ਪ੍ਰਚਾਰ ਕਰ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ਹਿਰ ਦੇ ਜਵਾਹਰ ਨਗਰ ਇਲਾਕੇ 'ਚ ਇੱਕ ਪ੍ਰਭਾਵਸ਼ਾਲੀ ਰੋਡ ਸ਼ੋਅ ਦੀ ਅਗਵਾਈ ਕੀਤੀ, ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਉਨ੍ਹਾਂ ਨਾਲ ਰੋਡ ਸ਼ੋਅ 'ਚ ਸ਼ਾਮਲ ਹੋਏ।
ਉਨ੍ਹਾਂ ਆਪਣੇ ਆਪ ’ਚ ਨਹੀਂ, ਸਗੋਂ ਪਾਰਟੀ ਵਿਚ ਭਰੋਸਾ ਪ੍ਰਗਟਾਇਆ ਕਿ ਇਸ ਵਾਰ ਲੁਧਿਆਣਾ ਵਿਚ ਕਾਂਗਰਸ ਘੱਟੋ-ਘੱਟ ਦੋ ਲੱਖ ਵੋਟਾਂ ਨਾਲ ਜਿੱਤੇਗੀ। ਵੜਿੰਗ ਨੇ ਕਿਹਾ, "ਕਿਰਪਾ ਕਰਕੇ ਨੋਟ ਕਰੋ ਕਿ ਮੈਂ ਇਸ ਗੱਲ 'ਤੇ ਜ਼ੋਰ ਦੇ ਰਿਹਾ ਹਾਂ ਕਿ ਇਹ ਜਿੱਤ ਕਾਂਗਰਸ ਪਾਰਟੀ ਦੀ ਹੋਵੇਗੀ, ਮੇਰੀ ਨਹੀਂ, ਕਿਉਂਕਿ ਵਿਅਕਤੀ ਮਾਇਨੇ ਨਹੀਂ ਰੱਖਦਾ, ਇਹ ਪਾਰਟੀ ਹੈ ਜੋ ਮਾਇਨੇ ਰੱਖਦੀ ਹੈ"। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪਾਰਟੀ ਦੇ ਨਿਮਾਣੇ ਸਿਪਾਹੀ ਹਨ, ਇੱਥੇ ਲੜਾਈ ਲੜਨ, ਪਾਰਟੀ ਲਈ ਜਿੱਤਣ ਅਤੇ ਲੋਕਾਂ ਦੀ ਸੇਵਾ ਕਰਨ ਲਈ ਤਾਇਨਾਤ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ 2019 ’ਚ ਕਾਂਗਰਸ ਨੂੰ 3.83 ਲੱਖ ਵੋਟਾਂ ਮਿਲੀਆਂ ਸਨ, ਜਦਕਿ ਦੂਜੇ ਨੰਬਰ 'ਤੇ ਰਹੇ ਸਿਮਰਜੀਤ ਸਿੰਘ ਬੈਂਸ ਨੂੰ 3.07 ਲੱਖ ਵੋਟਾਂ ਮਿਲੀਆਂ ਸਨ। ਉਨ੍ਹਾਂ ਕਿਹਾ, “ਬੈਂਸ ਸਾਬ ਦੇ ਕਾਂਗਰਸ ’ਚ ਸ਼ਾਮਲ ਹੋਣ ਅਤੇ ਆਪਣੀ ਲੋਕ ਇਨਸਾਫ਼ ਪਾਰਟੀ ਨੂੰ ਕਾਂਗਰਸ ’ਚ ਸ਼ਾਮਲ ਕਰਨ ਤੋਂ ਬਾਅਦ, ਕੁੱਲ 6.90 ਲੱਖ ਵੋਟਾਂ ਬਣਦੀਆਂ ਹਨ।” ਉਨ੍ਹਾਂ ਭਰੋਸਾ ਜਤਾਇਆ ਕਿ ਇਸ ਵਾਰ ਕਾਂਗਰਸ ਨੂੰ ਆਪਣੇ ਨੇੜਲੇ ਵਿਰੋਧੀ ਨਾਲੋਂ 2 ਲੱਖ ਤੋਂ ਵੱਧ ਵੋਟਾਂ ਦੀ ਲੀਡ ਮਿਲੇਗੀ।
ਰਾਜਾ ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਲੁਧਿਆਣਾ ਹਮੇਸ਼ਾ ਕਾਂਗਰਸ ਦਾ ਗੜ੍ਹ ਰਿਹਾ ਹੈ। ਇਸ ਚੋਣ ’ਚ ਇਸ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ ਅਤੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੇ ਨਤੀਜੇ ਐਲਾਨੇ ਜਾਣ ਤੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਕੁੱਝ ਲੋਕਾਂ ਦੇ ਮਨਾਂ ’ਚ ਜੋ ਭੁਲੇਖੇ ਹਨ, ਉਹ ਸਾਰੇ ਦੂਰ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਲੁਧਿਆਣਾ 'ਮਿੰਨੀ ਇੰਡੀਆ' ਵਰਗਾ ਹੈ, ਜਿੱਥੇ ਵੱਖ-ਵੱਖ ਧਰਮਾਂ, ਜਾਤਾਂ ਅਤੇ ਇੱਥੋਂ ਤੱਕ ਕਿ ਭਾਸ਼ਾਵਾਂ ਨਾਲ ਸਬੰਧਤ ਹਰ ਤਰ੍ਹਾਂ ਦੇ ਲੋਕ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਰਹਿੰਦੇ ਹਨ, ਜਿਨ੍ਹਾਂ ਨੇ ਆਪਣੇ ਸੱਭਿਆਚਾਰ ਅਤੇ ਭਾਸ਼ਾ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਕਿਹਾ, "ਕਾਂਗਰਸ ਪਾਰਟੀ ਹਮੇਸ਼ਾ ਹੀ ਲੋਕਾਂ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਦੇਣ ’ਚ ਵਿਸ਼ਵਾਸ ਰੱਖਦੀ ਹੈ ਤੇ ਆਪਣੀ ਪਛਾਣ ਕਾਇਮ ਰੱਖਦੀ ਹੈ ਅਤੇ ਸਾਰਿਆਂ ਨੂੰ ਨਾਲ ਰੱਖਦੀ ਹੈ।" ਉਨ੍ਹਾਂ ਕਿਹਾ, "ਲੁਧਿਆਣਾ ਅਨੇਕਤਾ ’ਚ ਏਕਤਾ ਦੀ ਇੱਕ ਉੱਤਮ ਮਿਸਾਲ ਹੈ, ਜਿਸ ਲਈ ਕਾਂਗਰਸ ਪਾਰਟੀ ਲੜ ਰਹੀ ਹੈ।"
(For more news apart from Raja Warring assured to improve lead of Congress in 2019 News in Punjabi, stay tuned to Rozana Spokesman)