
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੀਤ ਹੇਅਰ ਦੇ ਹੱਕ ਵਿੱਚ ਬਰਨਾਲਾ ਵਿਖੇ ਰੋਡ ਸ਼ੋਅ
Punjab News: ਬਰਨਾਲਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੰਗਰੂਰ ਤੋਂ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਬਰਨਾਲਾ ਵਿਖੇ ਵੱਡਾ ਰੋਡ ਸ਼ੋਅ ਕੀਤਾ ਗਿਆ ਜਿਸ ਵਿੱਚ ਭਾਰੀ ਜਨ ਸੈਲਾਬ ਉਮੜਿਆ। ਭਗਵੰਤ ਸਿੰਘ ਮਾਨ ਜੋ ਖੁਦ ਦੋ ਵਾਰ ਸੰਗਰੂਰ ਦੇ ਸੰਸਦ ਮੈਂਬਰ ਰਹੇ ਹਨ, ਨੂੰ ਦੇਖਣ ਅਤੇ ਉਨ੍ਹਾਂ ਦੇ ਵਿਚਾਰ ਸੁਣਨ ਲਈ ਬਰਨਾਲਾ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਆਏ ਅਤੇ ਸਦਰ ਬਾਜ਼ਾਰ ਵਿੱਚ ਤਿਲ ਸੁੱਟਣ ਨੂੰ ਜਗ੍ਹਾਂ ਨਹੀਂ ਮਿਲੀ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਰਨਾਲੇ ਦੇ ਪੁੱਤਰ ਨੂੰ ਸੰਸਦ ਦੀਆਂ ਪੌੜੀਆਂ ਚੜ੍ਹਾ ਦੇਵੋ ਅਤੇ ਅੱਗੇ ਮੀਤ ਹੇਅਰ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇਗੀ ਕਿਉਂਕਿ ਕੇਂਦਰ ਵਿੱਚ ਵੀ ਆਪ ਦੇ ਸਹਿਯੋਗ ਨਾਲ ਸਰਕਾਰ ਬਣਨ ਜਾ ਰਹੀ ਹੈ। ਮੁੱਖ ਮੰਤਰੀ ਜੋ ਬਰਨਾਲਾ ਵਾਸੀਆਂ ਵੱਲੋਂ ਦਿਖਾਏ ਉਤਸ਼ਾਹ ਤੇ ਗਰਮਜੋਸ਼ੀ ਤੋਂ ਬਹੁਤ ਖੁਸ਼ ਸਨ, ਨੇ ਕਿਹਾ ਕਿ ਅੱਜ ਦੇ ਇਕੱਠ ਨੇ ਉੁਨ੍ਹਾਂ ਦੀ ਸਾਰੀ ਥਕਾਵਟ ਉਤਾਰ ਦਿੱਤੀ ਹੈ।
ਮੀਤ ਹੇਅਰ ਜੋ ਬਰਨਾਲਾ ਤੋਂ ਦੂਜੀ ਵਾਰ ਵਿਧਾਇਕ ਵੀ ਹਨ ਅਤੇ ਕੈਬਨਿਟ ਮੰਤਰੀ ਵੀ ਹਨ, ਨੇ ਕਿਹਾ ਕਿ ਬਰਨਾਲਾ ਵਾਸੀਆਂ ਨੇ ਹਮੇਸ਼ਾ ਹੀ ਉਸ ਦਾ ਮਾਣ ਵਧਾਇਆ ਹੈ ਅਤੇ ਐਤਕੀਂ ਉਸ ਦਾ ਮੁਕਾਬਲਾ ਹਲਕੇ ਤੋਂ ਬਾਹਰੀ ਉਮੀਦਵਾਰਾਂ ਨਾਲ ਹੈ ਜੋ 200-250 ਕਿਲੋਮੀਟਰ ਤੋਂ ਆਏ ਹਨ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਦੀ ਚੋਣ ਉਹ ਬਰਨਾਲਾ ਵਾਸੀਆਂ ਦੇ ਸਹਿਯੋਗ ਨਾਲ ਜਿੱਤੇਗਾ ਅਤੇ ਸੰਸਦ ਵਿੱਚ ਸੰਗਰੂਰ ਦੀ ਆਵਾਜ਼ ਬਣ ਕੇ ਹਰ ਮਸਲਾ ਹੱਲ ਕਰਵਾਂਵਾਗਾ।
ਆਮ ਆਦਮੀ ਪਾਰਟੀ ਦੇ ਜ਼ਿਲਾ ਬਰਨਾਲਾ ਦੇ ਪ੍ਰਧਾਨ ਅਤੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਅਤੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਤੀਰਥ ਸਿੰਘ ਮੰਨਾ ਨੇ ਮੁੱਖ ਮੰਤਰੀ ਦਾ ਉਚੇਚਾ ਧੰਨਵਾਦ ਕੀਤਾ ਕਿ ਉਨ੍ਹਾਂ ਅੱਜ ਮੀਤ ਹੇਅਰ ਨੂੰ ਕੇਂਦਰ ਵਿੱਚ ਵੱਡੀ ਜ਼ਿੰਮੇਵਾਰੀ ਦੇਣ ਦੀ ਗੱਲ ਆਖ ਕੇ ਸਮੁੱਚੇ ਬਰਨਾਲਾ ਜ਼ਿਲੇ ਅਤੇ ਸੰਗਰੂਰ ਹਲਕੇ ਦਾ ਮਾਣ ਵਧਾਇਆ ਹੈ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਤ ਹੇਅਰ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਲ ਕਰਕੇ ਬਰਨਾਲਾ ਵਾਸੀਆਂ ਨੂੰ ਮਾਣ ਬਖਸ਼ਿਆ। ਉਨ੍ਹਾਂ ਕਿਹਾ ਕਿ ਬਰਨਾਲਾ ਹਲਕੇ ਅਤੇ ਜ਼ਿਲੇ ਵਿੱਚੋਂ ਮੀਤ ਹੇਅਰ ਨੂੰ ਵੱਡੀ ਲੀਡ ਦਿਵਾਈ ਜਾਵੇਗੀ ਜਿਸ ਲਈ ਪਾਰਟੀ ਕਾਡਰ ਅਤੇ ਵਲੰਟੀਅਰ ਦਿਨ-ਰਾਤ ਮਿਹਨਤ ਕਰ ਰਹੇ ਹਨ।