
ਇੱਕ ਵਾਰ ਜਦੋਂ ਅਸੀਂ ਇਸ ਸਕੀਮ ਨੂੰ ਸ਼ੁਰੂ ਕਰਾਂਗੇ ਤਾਂ ਇਹ ਬੰਦ ਨਹੀਂ ਹੋਵੇਗੀ
Punjab News : ਪੰਜਾਬ ਸਰਕਾਰ ਨੇ ਸੂਬੇ ਦੀਆਂ ਮਹਿਲਾਵਾਂ ਨੂੰ 1000 ਰੁਪਏ ਦੇਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਐਲਾਨ ਕੀਤਾ ਹੈ ਕਿ ਹੁਣ ਹਰ ਔਰਤ ਨੂੰ 1000 ਰੁਪਏ ਦੀ ਬਜਾਏ 1100 ਰੁਪਏ ਮਿਲਣਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਸਾਰੇ ਖੇਤਾਂ 'ਚ ਨਹਿਰੀ ਪਾਣੀ ਪਹੁੰਚਾਉਣ ਲਈ ਕੰਮ ਕਰ ਰਹੇ ਹਾਂ। ਇਸ ਨਾਲ ਆਉਣ ਵਾਲੇ ਦਿਨਾਂ 'ਚ 5 ਲੱਖ ਦੇ ਕਰੀਬ ਟਿਊਬਵੈੱਲ ਬੰਦ ਹੋਣਗੇ ਤੇ ਸੂਬੇ ਦਾ 6-7 ਹਜ਼ਾਰ ਕਰੋੜ ਬਿਜਲੀ ਸਬਸਿਡੀ ਦਾ ਬਚੇਗਾ। ਇੱਥੋਂ ਬਚਾਏ ਪੈਸਿਆ ਵਿੱਚੋਂ ਮਾਵਾਂ-ਭੈਣਾਂ ਨੂੰ ਜਲਦ 1000 ਦੀ ਥਾਂ ਹੁਣ 1100 ਰੁਪਏ ਮਹੀਨਾ ਦੇਵਾਂਗੇ।
ਸੀਐਮ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਬਿਜਲੀ ਦਾ ਬਿੱਲ ਜ਼ੀਰੋ ਆਇਆ ਹੈ ਅਤੇ ਆ ਵੀ ਰਿਹਾ ਹੈ। ਇਸੇ ਤਰ੍ਹਾਂ ਔਰਤਾਂ ਨੂੰ ਵੀ 1100 ਰੁਪਏ ਮਿਲਦੇ ਰਹਿਣਗੇ। ਜੇਕਰ ਅਸੀਂ ਤੁਰੰਤ ਅਜਿਹਾ ਕਰਨਾ ਹੁੰਦਾ ਤਾਂ ਅਸੀਂ ਇਸ ਸਕੀਮ ਨੂੰ ਚੋਣਾਂ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰ ਸਕਦੇ ਸੀ ਅਤੇ ਚੋਣਾਂ ਤੋਂ ਬਾਅਦ ਇਸ ਨੂੰ ਬੰਦ ਕਰ ਸਕਦੇ ਸੀ, ਜਿਵੇਂ ਕਿ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਹਨ ਪਰ ਇੱਕ ਵਾਰ ਜਦੋਂ ਅਸੀਂ ਇਸ ਸਕੀਮ ਨੂੰ ਸ਼ੁਰੂ ਕਰਾਂਗੇ ਤਾਂ ਇਹ ਬੰਦ ਨਹੀਂ ਹੋਵੇਗੀ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਵਾਅਦਾ ਕੀਤਾ ਸੀ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਮਹਿਲਾਵਾਂ ਨੂੰ 1000 ਰੁਪਏ ਹਰ ਮਹੀਨੇ ਦਿੱਤੇ ਜਾਣਗੇ ਪਰ ਹੁਣ ਸੀਐਮ ਮਾਨ ਨੇ ਇਹ ਰਕਮ 1000 ਤੋਂ ਵਧਾ ਕੇ 1100 ਕਰ ਦਿੱਤੀ ਹੈ।