
ਚੰਡੀਗੜ੍ਹ ਦੇ ਨਵੇਂ ਡੀਜੀਪੀ ਸੰਜੇ ਬੈਨੀਵਾਲ ਨੇ ਬੁਧਵਾਰ ਸੈਕਟਰ 9 ਦੇ ਪੁਲਿਸ ਹੈਡਕੁਆਟਰ ਵਿਚ ਅਪਣਾ ਕਾਰਜਭਾਰ ਸੰਭਾਲ.......
ਚੰਡੀਗੜ੍ਹ : ਚੰਡੀਗੜ੍ਹ ਦੇ ਨਵੇਂ ਡੀਜੀਪੀ ਸੰਜੇ ਬੈਨੀਵਾਲ ਨੇ ਬੁਧਵਾਰ ਸੈਕਟਰ 9 ਦੇ ਪੁਲਿਸ ਹੈਡਕੁਆਟਰ ਵਿਚ ਅਪਣਾ ਕਾਰਜਭਾਰ ਸੰਭਾਲ ਲਿਆ। ਡੀਜੀਪੀ ਨੇ ਸਾਰੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਬਾਅਦ ਵਿਚ ਸ਼ਾਮ ਸਮੇਂ ਪੱਤਰਕਾਰਾਂ ਨਾਲ ਰੁਬਰੂ ਹੋਏ। ਡੀਜੀਪੀ ਸੰਜੇ ਬੈਨੀਵਾਲ ਨੇ ਦਸਿਆ ਕਿ ਉਹ ਸ਼ਹਿਰ 'ਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਚੰਗੀ ਰਣਨੀਤੀ ਤਿਆਰ ਕਰਨਗੇ, ਜਿਸ ਵਿਚ ਟਰਾਈਸਿਟੀ ਪੁਲਿਸ ਵਿਚ ਤਾਲਮੇਲ ਵਧਾਇਆ ਜਾਵੇਗਾ ਅਤੇ ਇਕ ਦੂਜੇ ਨਾਲ ਸੂਚਨਾ ਦੀ ਸਾਂਝ ਵੀ ਵਧਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਵਿਭਾਗ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਪਾਰਦਰਸ਼ਤਾ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਔਰਤਾਂ ਦੀ ਸੁਰੱਖਿਆ ਅਤੇ ਝਪਟਮਾਰੀ ਵਰਗੇ ਅਪਰਾਧ ਰੋਕਣ ਲਈ ਵੀ ਵਖਰੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਝਪਟਮਾਰੀ ਅਤੇ ਹੋਰ ਅਪਰਾਧ ਨੂੰ ਰੋਕਣ ਲਈ ਆਮ ਲੋਕਾਂ ਨੂੰ ਵੀ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਚੰਡਗੜ੍ਹ ਵਿਚ ਟ੍ਰੈਫ਼ਿਕ ਦੀ ਸਥਿਤੀ ਹੋਰ ਰਾਜਾਂ ਤੋਂ ਕਾਫ਼ੀ ਬਿਹਤਰ ਹੈ ਪਰ ਇਸ ਨੂੰ ਹੋਰ ਚੰਗਾ ਬਣਾਉਣ ਲਈ ਕੰਮ ਕੀਤਾ ਜਾਵੇਗਾ। ਸੰਜੇ ਬੈਨੀਵਾਲ ਨੂੰ ਸਖ਼ਤ ਫ਼ੈਸਲੇ ਲੈਣ ਵਾਲੇ ਅਧਿਕਾਰੀਆਂ ਵਿਚ ਜਾਣਿਆ ਜਾਂਦਾ ਹੈ।
ਉਨ੍ਹਾਂ ਦੀ ਇਥੇ ਹੋਏ ਤਬਾਦਲੇ ਤੋਂ ਬਾਅਦ ਚੰਡੀਗੜ੍ਹ ਪੁਲਿਸ ਵਿਚ ਵੀ ਪਰਦਰਸ਼ਤਾ ਆਉਣ ਦੀ ਉਮੀਦ ਹੈ। ਸੰਜੇ ਬੈਨੀਵਾਲ ਨੇ ਕਿਹਾ ਕਿ ਚੰਡੀਗੜ੍ਹ ਇਕ ਖ਼ੂਬਸੂਰਤ ਸ਼ਹਿਰ ਹੈ ਅਤੇ ਇਥੇ ਦੇ ਆਮ ਲੋਕਾਂ ਨਾਲ ਪੁਲਿਸ ਪੂਰਾ ਸਹਿਯੋਗ ਕਰੇਗੀ। ਪੱਤਰਕਾਰਾਂ ਦੇ ਕਈ ਸਵਾਲਾਂ ਦੇ ਜਵਾਬ ਦੇਣ ਵਿਚ ਉਨ੍ਹਾ ਨੇ ਇਹ ਕਹਿ ਕੇ ਅਸਮਰਥਤਾ ਜਤਾਈ ਕਿ ਉਨ੍ਹਾਂ ਨੇ ਹਾਲੇ ਚਾਰਜ ਸੰਭਾਲਿਆ ਹੈ ਅਤੇ ਫਿਲਹਾਲ ਉਹ ਕੋਈ ਟਿੱਪਣੀ ਨਹੀਂ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਸਵੇਰੇ ਉਨ੍ਹਾ ਨੂੰ ਪੁਲਿਸ ਵਲੋਂ ਗਾਰਡ ਆਫ਼ ਆਨਰ ਦਿਤਾ ਗਿਆ। ਪੱਤਰਕਾਰ ਮਿਲਣੀ ਤੋਂ ਪਹਿਲਾਂ ਡੀਜੀਪੀ ਨੇ ਉਚ ਅਧਿਕਾਰੀਆਂ ਅਤੇ ਪੁਲਿਸ ਇੰਚਾਰਜਾਂ ਨਾਲ ਮੁਲਾਕਾਤ ਕੀਤੀ, ਜਿਸ ਵਿਚ ਥਾਣਾ ਮੁਖੀਆਂ ਅਤੇ ਟ੍ਰੈਫ਼ਿਕ ਇੰਚਾਰਜ ਸ਼ਾਮਲ ਸਨ। ਪੱਤਰਕਾਰ ਮਿਲਣੀ ਦੌਰਾਨ ਡੀਜੀਪੀ ਸੰਜੇ ਬੈਨੀਵਾਲ ਨਾਲ ਡੀਆਈਜੀ ਓਪੀ ਮਿਸ਼ਰਾ ਵੀ ਮੌਜੂਦ ਸਨ।