
ਪੰਜਾਬ ਵਿਚ ਕੋਰੋਨਾ ਦੇ ਕਹਿਰ ਵਿਚ ਕੋਈ ਕਮੀ ਨਹੀਂ ਹੋ ਰਹੀ ਬਲਕਿ ਹਰ ਦਿਨ ਮੌਤਾਂ ਹੋ ਰਹੀਆਂ ਹਨ ਤੇ ਪਾਜ਼ੇਟਿਵ ਕੇਸਾਂ ਦਾ ਅੰਕੜਾ ਹਰ ਜ਼ਿਲ੍ਹੇ ਵਿਚ ਵੱਧ ਰਿਹਾ ਹੈ।
ਚੰਡੀਗੜ੍ਹ, 27 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦੇ ਕਹਿਰ ਵਿਚ ਕੋਈ ਕਮੀ ਨਹੀਂ ਹੋ ਰਹੀ ਬਲਕਿ ਹਰ ਦਿਨ ਮੌਤਾਂ ਹੋ ਰਹੀਆਂ ਹਨ ਤੇ ਪਾਜ਼ੇਟਿਵ ਕੇਸਾਂ ਦਾ ਅੰਕੜਾ ਹਰ ਜ਼ਿਲ੍ਹੇ ਵਿਚ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਨਾਲ ਸੂਬੇ ਵਿਚ 7 ਹੋਰ ਮੌਤਾਂ ਹੋਈਆਂ ਹਨ। ਇਸ ਤਰ੍ਹਾਂ ਸ਼ਾਮ ਤਕ ਦੀ ਰੀਪੋਰਟ ਮੁਤਾਬਕ ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 133 ਤਕ ਪਹੁੰਚ ਚੁਕੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਜ਼ਿਲ੍ਹਾ ਸੰਗਰੂਰ ਵਿਚ 3, ਅੰਮ੍ਰਿਤਸਰ ਵਿਚ 2, ਜਲੰਧਰ ਤੇ ਬਠਿੰਡਾ ਵਿਚ 1-1 ਮੌਤ ਹੋਈ ਹੈ। ਹੁਣ ਤਕ ਹੋਈਆਂ ਮੌਤਾਂ ਨੇ ਸੱਭ ਤੋਂ ਵੱਧ 39 ਜ਼ਿਲ੍ਹਾ ਅੰਮ੍ਰਿਤਸਰ ਤੇ 19-19 ਮੌਤਾਂ ਜਲੰਧਰ ਤੇ ਲੁਧਿਆਣਾ ਵਿਚ ਹੋਈਆਂ ਹਨ। ਸੰਗਰੂਰ ਵੀ ਮੌਤਾਂ ਦੇ ਮਾਮਲੇ ਵਿਚ ਚੌਥੇ ਥਾਂ 'ਤੇ ਹੈ ਜਿਥੇ 12 ਮੌਤਾਂ ਹੋਈਆਂ ਹਨ।
ਅੰਮ੍ਰਿਤਸਰ ਵਿਚ ਕੁਲ ਪ੍ਰਾਜ਼ੇਟਿਵ ਕੇਸ 900 ਦੇ ਨੇੜੇ ਪਹੁੰਚ ਚੁਕੇ ਹਨ। ਲੁਧਿਅਣਾ ਵਿਚ 742, ਜਲੰਧਰ ਵਿਚ 686 ਤੇ ਸੰਗਰੂਰ ਵਿਚ 363 ਮਾਮਲੇ ਦਰਜ ਹੋ ਚੁਕੇ ਹਨ। ਇਨ੍ਹਾਂ ਚਾਰੇ ਜ਼ਿਲ੍ਹਿਆਂ ਵਿਚੋਂ ਅੱਜ ਵੀ ਸੱਭ ਤੋਂ ਵੱਧ ਪਾਜ਼ੇਟਿਵ ਕੇਸ ਆਏ ਹਨ। ਅੱਜ ਸੂਬੇ ਵਿਚ 100 ਤੋਂ ਵੱਧ ਨਵੇਂ ਪਾਜ਼ੇਟਿਵ ਕੇਸ ਆਏ ਹਨ। ਸੂਬੇ ਵਿਚ ਠੀਕ ਹੋਣ ਵਾਲੇ ਕੇਸਾਂ ਦੀ ਗਿਣਤੀ ਵੀ 3320 ਹੋ ਚੁਕੀ ਹੈ। 1608 ਇਲਾਜ ਅਧੀਨ ਕੇਸਾਂ ਵਿਚੋਂ 7 ਵੈਂਟੀਲੇਟਰ ਅਤੇ 22 ਆਕਸੀਜਨ 'ਤੇ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਹੈ।