
ਲਗਾਤਾਰ 20 ਦਿਨਾਂ ਵਿਚ ਡੀਜ਼ਲ ਦੀ ਕੀਮਤ 11.01 ਰੁਪਏ ਵਧੀ
ਨਵੀਂ ਦਿੱਲੀ, 27 ਜੂਨ : ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਸ ਮਹੀਨੇ ਡੀਜ਼ਲ ਦੀ ਕੀਮਤ ਕਰੀਬ 16 ਫ਼ੀ ਸਦੀ ਅਤੇ ਪਟਰੌਲ ਦੀ ਲਗਭਗ 13 ਫ਼ੀ ਸਦੀ ਵੱਧ ਚੁੱਕੀ ਹੈ। ਦੇਸ਼ ਦੀ ਸੱਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਸਨਿਚਰਵਾਰ ਨੂੰ ਪਟਰੌਲ ਦੀ ਕੀਮਤ 25 ਪੈਸੇ ਵੱਧ ਕੇ 80.38 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਜੋ 27 ਅਕਤੂਬਰ 2018 ਦੇ ਬਾਅਦ ਦਾ ਉੱਚਾ ਪੱਧਰ ਹੈ।
Photo
ਡੀਜ਼ਲ ਦਾ ਮੁੱਲ ਵੀ 21 ਪੈਸੇ ਵੱਧ ਕੇ 80.40 ਰੁਪਏ ਪ੍ਰਤੀ ਲੀਟਰ ਦੇ ਨਵੇਂ ਰੀਕਾਡਰ ਪੱਧਰ 'ਤੇ ਪਹੁੰਚ ਗਿਆ। ਇਸ ਮਹੀਨੇ 7 ਤਰੀਕ ਤੋਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਦੋਵਾਂ ਈਂਧਨਾਂ ਦੇ ਮੁੱਲ ਵਧਾਉਣ ਦਾ ਕ੍ਰਮ ਸ਼ੁਰੂ ਕੀਤਾ ਹੈ। ਇਸ ਦੌਰਾਨ ਦਿੱਲੀ ਵਿਚ ਪਟਰੌਲ 9.12 ਰੁਪਏ ਯਾਨੀ 12.80 ਫ਼ੀ ਸਦੀ ਮਹਿੰਗਾ ਹੋਇਆ ਹੈ। ਲਗਾਤਾਰ 20 ਦਿਨਾਂ ਵਿਚ ਡੀਜ਼ਲ ਦੀ ਕੀਮਤ 11.01 ਰੁਪਏ ਯਾਨੀ 15.87 ਫ਼ੀ ਸਦੀ ਵੱਧ ਗਈ ਹੈ। (ਪੀਟੀਆਈ)