
ਪ੍ਰਦੇਸ਼ ਕਾਂਗਰਸ ਭਵਨ ਤੋਂ ਸੰਕੇਤਕ ਪ੍ਰਦਰਸ਼ਨ ਨਾਲ ਕੀਤੀ ਸ਼ੁਰੂਆਤ
ਚੰਡੀਗੜ੍ਹ, 27 ਜੂਨ (ਗੁਰਉਪਦੇਸ਼ ਭੁੱਲਰ) : ਕੇਂਦਰ ਸਰਕਾਰ ਵਲੋਂ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹਰ ਰੋਜ਼ਾ ਕੀਤੇ ਜਾ ਰਹੇ ਵਾਧਿਆਂ ਵਿਰੁਧ ਪੰਜਾਬ ਯੂਥ ਕਾਂਗਰਸ ਨੇ ਮੋਰਚਾ ਖੋਲ੍ਹ ਦਿਤਾ ਹੈ। ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਇਸ ਮੁਹਿੰਮ ਦੀ ਸ਼ੁਰੂਆਤ ਟਰੈਕਟਰ ਤੇ ਘੋੜਾ ਰੇਹੜੀ ਨਾਲ ਲੈ ਕੇ ਪੰਜਾਬ ਕਾਂਗਰਸ ਭਵਨ ਤੋਂ ਇਕ ਸੰਕੇਤਕ ਪ੍ਰਦਰਸ਼ਨ ਨਾਲ ਬੀਤੀ ਸ਼ਾਮ ਕੀਤੀ ਗਈ ਹੈ। ਇਸ ਵਿਚ ਵੱਖ-ਵੱਖ ਜ਼ਿਲ੍ਹਿਆਂ ਦੇ ਯੂਥ ਆਗੂ ਸ਼ਾਮਲ ਸਨ।
ਪ੍ਰਦੇਸ਼ ਯੂਥ ਕਾਂਗਰਸ ਪ੍ਰਧਾਨ ਨੇ ਇਸ ਮੌਕੇ ਪਹੁੰਚੇ ਆਗੂਆਂ ਨੂੰ ਹਰ ਜ਼ਿਲ੍ਹੇ 'ਚ ਮੋਦੀ ਸਰਕਾਰ ਵਲੋਂ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੀਤੇ ਜਾ ਰਹੇ ਵਾਧਿਆਂ ਵਿਰੁਧ ਥਾਂ-ਥਾਂ ਅਜਿਹੇ ਰੋਸ ਪ੍ਰਦਰਸ਼ਨ ਕੀਤੇ ਜਾਣ। ਬਰਿੰਦਰ ਸਿੰਘ ਢਿੱਲੋਂ ਨੇ ਦਸਿਆ ਕਿ ਸੰਕੇਤਕ ਪ੍ਰਦਰਸ਼ਨ ਤੋਂ ਬਾਅਦ ਹੁਣ ਜ਼ਿਲ੍ਹਾ ਪਧਰੀ ਮੁਹਿੰਮ ਚਲਾ ਕੇ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਹਰ ਗਲੀ-ਮੁਹੱਲੇ ਤਕ ਇਹ ਮੁਹਿੰਮ ਲਿਜਾਈ ਜਾਵੇਗੀ।
Photo
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਿਥੇ ਖੇਤੀ ਆਰਡੀਨੈਸਾਂ ਰਾਹੀਂ ਕਿਸਾਨਾਂ ਨੂੰ ਤਬਾਹ ਕਰਨ 'ਤੇ ਤੁਲੀ ਹੈ, ਉਥੇ ਪਟਰੌਲ ਤੇ ਡੀਜ਼ਲ ਦੇ ਰੇਟ ਹਰ ਦਿਨ ਵਧਾ ਕੇ ਹਰ ਵਰਗ ਦੀ ਪ੍ਰੇ²ਸ਼ਾਨੀ ਵਧਾ ਰਹੀ ਹੈ ਤੇ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਪਟਰੌਲ ਤੋਂ ਡੀਜ਼ਲ ਦੇ ਰੇਟ ਵਧ ਗਏ ਹਨ। ਇਸ ਦਾ ਸਿੱਧਾ ਅਸਰ ਕਿਸਾਨ 'ਤੇ ਪੈਂਦਾ ਹੈ ਤੇ ਪਬਲਿਕ ਟਰਾਂਸਪੋਰਟ ਦੇ ਖਰਚੇ ਵਧਣ ਨਾਲ ਆਮ ਲੋਕਾਂ 'ਤੇ ਅਸਰ ਪਵੇਗਾ। ਜਦਕਿ ਪਹਿਲਾਂ ਹੀ ਆਮ ਲੋਕ ਕੋਰੋਨਾ ਕਾਰਨ ਕਾਰੋਬਾਰ ਠੱਪ ਹੋਣ 'ਤੇ ਪ੍ਰੇਸ਼ਾਨ ਹਨ।