
ਵੀਡੀਉ ਕਾਨਫ਼ਰੰਸ ਰਾਹੀਂ ਬਸਪਾ ਸੂਬਾ ਪ੍ਰਧਾਨ ਨੇ ਪੰਜਾਬੀਆਂ ਦੇ ਦੁਖੜੇ ਸੁਣੇ
ਚੰਡੀਗੜ੍ਹ , 27 ਜੂਨ, (ਨੀਲ ਭਾਲਿੰਦਰ ਸਿੰਘ) : ਖਾੜੀ ਦੇਸ਼ਾਂ ਦੇ ਐਨ ਆਰ ਆਈਜ਼ ਦੀਆਂ ਵੀਡੀਉ ਕਾਨਫ਼ਰੰਸ ਰਾਹੀਂ ਅਤੇ ਕੁਵੈਤ ਦੇ ਐਨ.ਆਰ.ਆਈ ਪੰਜਾਬੀਆਂ ਵਲੋਂ ਬਸਪਾ ਪੰਜਾਬ ਕੋਲ ਕੇਂਦਰ ਦੀ ਅਕਾਲੀ ਭਾਜਪਾ ਸਰਕਾਰ ਅਤੇ ਸੂਬੇ ਦੀ ਕਾਂਗਰਸ ਸਰਕਾਰ ਵਲੋਂ ਅਪਣਾਏ ਰੁੱਖੇ ਵਤੀਰੇ ਦੇ ਦੁੱਖੜੇ ਦਸੇ। ਬੀ ਆਰ ਅੰਬੇਡਕਰ ਸਭਾ ਕੁਵੈਤ ਤੋਂ ਆਗੂ ਸ਼੍ਰੀ ਜਗਬੀਰ ਦਿਹਾਣਾ ਨੇ 100 ਤੋ ਜਿਆਦਾ ਫਸੇ ਪੰਜਾਬੀਆਂ ਨਾਲ ਵੀਡਿਓ ਕਾਨਫਰੰਸ ਰਾਹੀਂ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨਾਲ ਮੁਲਾਕਾਤ ਕਰਵਾਈ।
ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੂੰ ਜਾਰੀ ਬਿਆਨ ਵਿਚ ਕਿਹਾ ਬਸਪਾ ਪੰਜਾਬ ਵੱਲੋਂ ਸੂਬੇ ਦੀ ਕਾਂਗਰਸ ਅਤੇ ਕੇਂਦਰ ਦੀ ਅਕਾਲੀ ਭਾਜਪਾ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੋਰੌਨਾ ਮਹਾਮਾਰੀ ਦੇ ਮਦੇਨਜ਼ਰ ਕੁਵੈਤ ਅਤੇ ਦੁਬੱਈ ਦੇ ਪੰਜਾਬੀਆਂ ਨੂੰ ਤੁਰੰਤ ਏਅਰ ਲਿਫਟ ਕੀਤਾ ਜਾਵੇ ਅਤੇ ਨਾਲ ਹੀ ਸਸਤੀ ਏਅਰਲਾਈਨ ਮੁਹੱਈਆਂ ਕਰਵਾਈ ਜਾਵੇ। ਓਹਨਾ ਦਾਵਾ ਕੀਤਾ ਕਿ ਬਸਪਾ ਪੰਜਾਬ ਕੋਲ ਸੂਚਨਾ ਹੈ ਕਿ ਪੰਜਾਹ ਹਜ਼ਾਰ ਤੋਂ ਜਿਆਦਾ ਐਨ.ਆਰ.ਆਈ ਪੰਜਾਬੀ ਕੁਵੈਤ ਤੇ ਦੁਬੱਈ ਦੇ ਖਾੜੀ ਦੇਸ਼ਾਂ ਵਿਚ ਕੰਮਕਾਜ ਤੋ ਵਿਹਲੇ ਪਿਛਲੇ ਤਿੰਨ ਮਹੀਨਿਆਂ ਤੋਂ ਫਸੇ ਹੋਏ ਹਨ ਅਤੇ ਪੰਜਾਬ ਤੋ ਪੈਸਾ ਮੰਗਵਾਕੇ ਖਰਚਾ ਕਰ ਰਹੇ ਹਨ।
Photo
ਇਕ ਪੰਜਾਬੀ ਨੇ ਦੁਖੜਾ ਰੋਂਦੇ ਦਸਿਆ ਹੈ ਕਿ ਦੋ ਮਹੀਨਿਆਂ ਤੋਂ ਬਿਮਾਰ ਹੈ ਅਤੇ ਕੋਈ ਵੀ ਦਵਾ ਦਾਰੂ ਉਪਲਭਧ ਨਹੀਂ ਹੈ। ਜੇਕਰ ਪੰਜਾਬੀ ਕਿਸੀ ਲੋੜ ਲਈ ਆਪਣੇ ਕੈਂਪਾ ਤੋ ਬਾਹਰ ਨਿਕਲਦੇ ਹਨ ਤਾਂ ਕੁਵੈਤ ਤੇ ਦੁਬਈ ਪੁਲਿਸ ਭਾਰੀ ਜੁਰਮਾਨਾ ਕਰਦੀ ਹੈ। ਇਹ ਵੀਡੀਉ ਕਾਨਫਰੰਸ ਕੁਵੈਤ ਦੇ ਜਲੀਬਸਾਬੀ ਸਹਿਰ ਵਿੱਚ ਫਸੇ ਪੰਜਾਬੀਆਂ ਨਾਲ ਬਸਪਾ ਦੇ ਸੂਬਾ ਪ੍ਰਧਾਨ ਨੇ ਕੀਤੀ ਹੈ। ਹਾਲਾਂਕਿ ਕੁਵੈਤ ਸਰਕਾਰ ਨੇ ਤਾਂ ਵਾਪਸੀ ਲਈ ਏਅਰ ਟਿਕਟਾਂ ਤਕ ਫ੍ਰੀ ਕਰ ਦਿੱਤੀਆਂ ਹਨ, ਫਸੇ ਪੰਜਾਬੀਆਂ ਨੂੰ ਜਿਊਂਦੇ ਰਹਿਣ ਜੋਗਾ ਖਾਣ ਪੀਣ ਦਾ ਪ੍ਰਬੰਧ ਕੀਤਾ ਹੈ।
ਇਥੋਂ ਤਕ ਕਿ ਕੁਵੈਤ ਸਰਕਾਰ ਨੇ ਗੈਰਕਾਨੂੰਨੀ ਪੰਜਾਬੀਆਂ ਨੂੰ ਚਿੱਟੇ ਰੰਗ ਦੇ ਪਾਸਪੋਰਟ ਬਿਨਾ ਕਿਸੀ ਸਜਾ ਜੁਰਮਾਨੇ ਤੋਂ ਜਾਰੀ ਕੀਤੇ ਹਨ। ਮਨੁੱਖਤਾ ਦੇ ਨਜਰੀਏ ਤੋਂ ਕੁਵੈਤ ਸਰਕਾਰ ਨੇ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ, ਜਿਹਨਾਂ ਦੀ ਬਸਪਾ ਪੰਜਾਬ ਨੇ ਸਲਾਘਾ ਕੀਤੀ ਹੈ। ਲੇਕਿਨ ਭਾਰਤੀ ਐਂਬੰਸੀ ਦਾ ਰੋਲ ਇੰਨਾ ਮਾੜਾ ਹੈ ਕਿ ਪੰਜਾਬੀਆਂ ਦੇ ਫੋਨ ਵੀ ਚੁੱਕੇ ਨਹੀਂ ਜਾਂਦੇ, ਜਾਂ ਬੇਰੁਖੀ ਭਰੇ ਉੱਤਰ ਐਂਬੰਸੀ ਤੋਂ ਮਿਲਦੇ ਹਨ। ਪੰਜਾਬ ਸਰਕਾਰ ਦਾ ਇੰਨਾ ਨਿਕੰਮਾਪਨ ਹੈ ਕਿ ਹੋਰ ਸੂਬਿਆ ਦੇ ਫਸੇ ਭਾਰਤੀ ਖਾੜੀ ਦੇਸ਼ਾ ਤੋਂ ਸੰਬੰਧਿਤ ਸੂਬਿਆ ਦੀਆਂ ਸਰਕਾਰਾਂ ਏਅਰ ਲਿਫਟ ਕਰਵਾਕੇ ਆਪਣੇ ਨਾਗਰਿਕਾਂ ਨੂੰ ਵਾਪਿਸ ਲਿਜਾ ਰਹੀਆਂ ਹਨ। ਜਦੋਂਕਿ ਪੰਜਾਬ ਸਰਕਾਰ ਘੂਕ ਸੁੱਤੀ ਪਈ ਹੈ।
ਪੰਜਾਬ ਸਰਕਾਰ ਨੂੰ ਬਸਪਾ ਵਲੋਂ ਬੇਨਤੀ ਕਰਦਿਆ ਕਿਹਾ ਕਿ ਮਾਨਵਤਾ ਅਤੇ ਜਿੰਮੇਵਾਰੀ ਦੇ ਨਜਰੀਏ ਤੋਂ ਪੰਜਾਬ ਸਰਕਾਰ ਤੁਰੰਤ ਖਾੜੀ ਦੇਸ਼ਾਂ ਵਿਚ ਫਸੇ ਪੰਜਾਬੀਆਂ ਦੀ ਸਕੁਸ਼ਲ ਵਾਪਸੀ ਦਾ ਪ੍ਰਬੰਧ ਕਰੇ। ਇਸ ਮੌਕੇ ਸੈਂਕੜੇ ਪੰਜਾਬੀਆਂ ਨਾਲ ਸ਼੍ਰੀ ਹਰਜਿੰਦਰ ਕੁਮਾਰ ਯੂ ਐੱਸ ਏ, ਸ਼੍ਰੀ ਕੁਲਦੀਪ ਸਿੰਘ ਕਨੇਡਾ ਵੀ ਵੀਡਿਓ ਕਾਨਫਰੰਸ ਵਿਚ ਮੌਜੂਦ ਸਨ।