
ਸ਼ੋ੍ਰਮਣੀ ਕਮੇਟੀ ਚੋਣਾਂ ਇਸੇ ਸਾਲ ਹੋਣ ਦੀ ਆਸ ਬੱਝੀ
ਚੀਫ਼ ਕਮਿਸ਼ਨਰ ਜਸਟਿਸ ਐਸ.ਐਸ. ਸਾਰੋਂ ਦਫ਼ਤਰੋਂ ਕੰਮ ਕਰਨਗੇ
ਚੰਡੀਗੜ੍ਹ, 27 ਜੂਨ (ਜੀ.ਸੀ. ਭਾਰਦਵਾਜ): ਪਿਛਲੇ ਸਾਲ 1 ਜੁਲਾਈ ਨੂੰ ਬਤੌਰ ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਦਾ ਚਾਰਜ ਸੰਭਾਲਣ ਉਪਰੰਤ ਸੈਕਟਰ 17 ਵਿਚ ਸਥਿਤ ਦਫ਼ਤਰ ਨੂੰ ਨਵਿਆਉਣ, ਸਟਾਫ਼ ਦੀ ਤੈਨਾਤੀ ਅਤੇ ਕੰਪਿਊਟਰ ਸਮੇਤ ਡਿਜੀਟਲ ਸਾਜ਼ੋ ਸਾਮਾਨ ਫਿਟ ਕਰਵਾਉਣ ਮਗਰੋਂ ਸੇਵਾ ਮੁਕਤ ਜੱਜ, ਜਸਟਿਸ ਐਸ.ਐਸ. ਸਾਰੋਂ ਨੇ ਹੁਣ, ਪੱਕਾ ਮਨ ਬਣਾ ਕੇ ਦਿ੍ੜ੍ਹ ਨਿਸ਼ਚੈ ਨਾਲ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ 170 ਮੈਂਬਰੀ ਜਨਰਲ ਹਾਊਸ ਦੀਆਂ ਚੋਣਾਂ ਕਰਵਾਉਣ ਦੀ ਹਾਮੀ ਭਰੀ ਹੈ | ਇਸ ਤੋਂ ਪਹਿਲਾਂ ਇਹ ਚੋਣਾਂ ਸੇਵਾ ਮੁਕਤ ਜੱਜ, ਜਸਟਿਸ ਹਰਫੂਲ ਸਿੰਘ ਬਰਾੜ ਨੇ ਸਤੰਬਰ 2011 ਵਿਚ ਕਰਵਾਈਆਂ ਸਨ ਅਤੇ ਪਿਛਲੇ 11 ਸਾਲਾਂ ਵਿਚ ਲਗਭਗ ਡੇਢ ਦਰਜਨ, ਮੈਂਬਰ, ਅਕਾਲ ਚਲਾਣਾ ਕਰ ਗਏ ਹਨ |
ਅਪਣੀ ਸੈਕਟਰ 9 ਦੀ ਰਿਹਾਇਸ਼ 'ਤੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਜਸਟਿਸ ਸਾਰੋਂ ਨੇ ਦਸਿਆ ਕਿ ਕਈ ਸਿੱਖ ਜਥੇਬੰਦੀਆਂ ਤੇ ਧਾਰਮਕ ਸਿਆਸੀ ਨੇਤਾਵਾਂ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਕੇ 5 ਸਾਲ ਦੀ ਮਿਆਦ ਪੁਗਾ ਚੁਕੀ ਇਸ ਧਾਰਮਕ ਸੰਸਥਾ ਦੀ ਚੋਣ ਛੇਤੀ ਕਰਵਾਉਣ ਲਈ ਜੋਸ਼ ਪੂਰਣ ਚਰਚਾ ਕੀਤੀ ਸੀ ਅਤੇ ਤਰਮੀਮ ਕਰਨ ਦੇ ਕਈ ਸੁਝਾਅ ਵੀ ਦਿਤੇ ਹਨ | ਇਨ੍ਹਾਂ ਮਹੱਤਵਪੂਰਨ ਸਿੱਖ ਨੇਤਾਵਾਂ ਵਿਚ ਸ. ਸੁਖਦੇਵ ਸਿੰਘ ਢੀਂਡਸਾ, ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ, ਸ. ਪਰਮਿੰਦਰ ਸਿੰਘ ਢੀਂਡਸਾ, 'ਆਪ' ਦੇ ਇਕ ਦੋ ਵਿਧਾਇਕ ਅਤੇ ਸਿੱਖ ਬੁੱਧੀਜੀਵੀ ਸ਼ਾਮਲ ਹਨ |
ਇਨ੍ਹਾਂ ਚੋਣਾਂ ਦੇ ਲਮਲੇਟ ਹੋਏ ਇਸ ਮੁੱਦੇ 'ਤੇ ਜਦੋਂ ਰੋਜ਼ਾਨਾ ਸਪੋਕਸਮੈਨ ਨੇ ਸ. ਸੰਧਵਾਂ ਨਾਲ ਜਸਟਿਸ ਸਾਰੋਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ ਤਾਂ ਉਨ੍ਹਾਂ ਝੱਟ ਪੱਟ ਪੰਜਾਬ ਸਰਕਾਰ ਦੇ ਮੁੱਖ ਸਕੱਤਰ, ਅਨਿਰੁਧ ਤਿਵਾੜੀ ਨੂੰ ਵਿਸ਼ੇਸ਼ ਤੌਰ 'ਤੇ ਚਿੱਠੀ ਲਿਖ ਦਿਤੀ ਇਸ ਦੀ ਕਾਪੀ ਗ੍ਰਹਿ ਸਕੱਤਰ ਨੂੰ ਵੀ ਭੇਜ ਦਿਤੀ ਤਾਕਿ ਲੋੜੀਂਦਾ ਸਟਾਫ਼ ਤੇ ਹੋਰ ਜ਼ਰੂਰੀ ਵਸਤਾਂ ਛੇਤੀ ਮੁਹਈਆ ਕਰਵਾਈਆਂ ਜਾਣ | ਜਸਟਿਸ ਸਾਰੋਂ ਨੇ ਦਸਿਆ ਕਿ 1 ਜੁਲਾਈ 2021 ਤੋਂ ਹੁਣ ਤਕ ਬਣਦੀ ਤਨਖ਼ਾਹ ਭੱਤੇ ਆਦਿ ਉਨ੍ਹਾਂ ਨੂੰ ਮਿਲ ਚੁੱਕੇ ਹਨ ਅੇਤ ਆਸ ਹੈ ਨਵੀਂ ਇਨੋਵਾ ਗੱਡੀ ਵਾਸਤੇ ਸਰਕਾਰੀ ਡਰਾਈਵਰ ਅਤੇ ਲੋੜੀਂਦਾ ਸਟਾਫ਼, 1 ਸਕੱਤਰ, 2 ਸਟੈਨੋ, 3 ਸਹਾਇਕ ਕਲਰਕ ਅਤੇ ਸੇਵਾਦਾਰ ਵੀ ਜਲਦੀ ਦਫ਼ਤਰ ਵਿਚ ਆ ਜਾਣਗੇ |
ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਸ. ਕਰਨੈਲ ਸਿੰਘ ਪੰਜੋਲੀ ਵਲੋਂ ਗੁਰਦਵਾਰਾ ਐਕਟ 1925 ਬਾਰੇ ਉਠਾਏ ਸਵਾਲ, ਵੋਟਰ ਦੀ ਉਮਰ 21 ਤੋਂ ਘਟਾ ਕੇ 18 ਸਾਲ ਕਰਨ, ਸਿੱਖੀ ਸਰੂਪ, ਵੋਟਰ ਕਾਰਡ ਬਣਾਉਣ, ਉਪ ਚੋਣ ਦੀ ਧਾਰਾ ਜੋੜਨ ਅਤੇ ਪੱਕਾ ਚੀਫ਼ ਕਮਿਸ਼ਨਰ ਨਿਯੁਕਤ ਕਰਨ ਲਈ ਤਰਮੀਮ ਆਦਿ ਸਬੰਧੀ ਜਸਟਿਸ ਸਾਰੋਂ ਨੇ ਐਕਟ ਵਿਚ ਕੀਤੀ ਗਈ ਸੋਧ ਅਤੇ
ਇਸ ਬਾਰੇ ਜਾਰੀ 8 ਅਗੱਸਤ 2017 ਦੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਨਿਯਮ ਤੇ ਧਾਰਾਵਾਂ ਦਿਖਾਈਆਂ | ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਨਿਯਮਾਂ ਤੇ ਲੋੜੀਂਦੀਆਂ ਕੀਤੀਆਂ ਸੋਧਾਂ ਮੁਤਾਬਕ ਹੀ ਸਿੱਖ ਮਰਦਾਂ ਤੇ ਸਿੱਖ ਬੀਬੀਆਂ ਦੀਆਂ ਵੋਟਾਂ ਬਣਾਉਣ ਦਾ ਕੰਮ, ਪੰਜਾਬ, ਹਰਿਆਣਾ, ਹਿਮਾਚਲ ਤੇ ਯੂ.ਟੀ. ਚੰਡੀਗੜ੍ਹ ਵਿਚ ਜ਼ਿਲ੍ਹਾ ਡਿਪਟੀ ਕਮਿਸ਼ਨਰ ਰਾਹੀਂ ਸ਼ੁਰੂ ਕਰ ਦਿਤਾ ਜਾਵੇਗਾ |
ਸੋਧੇ ਹੋਏ ਗੁਰਦਵਾਰਾ ਐਕਟ ਮੁਤਾਬਕ ਸਿੱਖ ਪੁਰਸ਼ ਅਤੇ ਸਿੱਖ ਬੀਹਬੀ ਨੂੰ ਵੋਟ ਬਣਾਉਣ ਵੇਲੇ, ਸਿੱਖ ਧਰਮ ਵਿਚ ਵਿਸ਼ਵਾਸ, ਕੇਸ ਤੇ ਦਾੜ੍ਹੀ ਨਾ ਕੱਟਣ, ਸ਼ਰਾਬ ਨਾ ਪੀਣ ਆਦਿ ਦੀਆਂ ਸ਼ਰਤਾਂ ਵਾਲਾ ਫ਼ਾਰਮ ਭਰਨਾ ਪਵੇਗਾ ਅਤੇ ਸਿੱਖੀ ਸਰੂਪ ਦੀ ਫ਼ੋਟੋ ਵਾਲਾ ਵੋਟਰ ਕਾਰਡ ਨਾਲ ਲੈ ਕੇ ਹੀ ਵੋਟ ਪਾਉਣ ਦੇ ਯੋਗ ਬਣਨਾ ਪਵੇਗਾ | ਜਸਟਿਸ ਸਾਰੋਂ ਨੇ ਕਿਹਾ ਕਿ ਨਵੇਂ ਸੋਧੇ ਹੋਏ ਗੁਰਦਵਾਰਾ ਐਕਟ ਤਹਿਤ ਛੇਤੀ ਹੀ ਕਾਰਵਾਈ ਸ਼ੁਰੂ ਹੋ ਜਾਵੇਗੀ ਅਤੇ ਇਸ ਸਾਲ ਦੇ ਅੰਤ ਤਕ ਪੰਜਾਬ ਦੀਆਂ 110 ਸੀਟਾਂ, ਹਰਿਆਣਾ ਵਿਚ 8 ਸੀਟਾਂ ਤੇ ਹਿਮਾਚਲ-ਯੂ.ਟੀ.ਚੰਡੀਗੜ੍ਹ ਦੀ ਇਕ ਇਕ ਸੀਟ 'ਤੇ ਚੋਣ ਕਰਾ ਦਿਤੀ ਜਾਵੇਗੀ | ਜ਼ਿਕਰਯੋਗ ਹੈ ਕਿ ਪੰਜਾਬ ਦੀਆਂ 110 ਸੀਟਾਂ ਤੋਂ 157 ਮੈਂਬਰ ਚੁਣੇ ਜਾਂਦੇ ਹਨ ਕਿਉਂਕਿ 47 ਸੀਟਾ ਦੋਹਰੀ ਮੈਂਬਰਸ਼ਿਪ ਵਾਲੀਆਂ ਹਨ | ਹਰਿਆਣਾ ਦੀਆਂ 8 ਸੀਟਾਂ ਤੋਂ 11 ਮੈਂਬਰ ਚੁਣੇ ਜਾਣਗੇ (3 ਸੀਟਾਂ ਡਬਲ ਮੈਂਬਰਾਂ ਵਾਲੀਆਂ) ਅਤੇ ਹਿਮਾਚਲ ਤੇ ਚੰਡੀਗੜ੍ਹ ਤੋਂ ਇਕ ਇਕ ਮੈਂਬਰ ਲਿਆ ਜਾਵੇਗਾ |
ਸਾਲ 2004 ਦੀਆਂ ਚੋਣਾਂ ਦੇ ਵੋਟਰ ਲਿਸਟਾਂ ਅਨੁਸਾਰ ਪੰਜਾਬ ਵਿਚ ਸਿੱਖ ਵੋਟਰਾਂ ਦੀ ਗਿਣਤੀ 50,54617, ਹਰਆਣਾ ਵਿਚ 2,86,707, ਹਿਮਾਚਲ ਵਿਚ ਕੇਵਲ 15407 ਸਿੱਖ ਵੋਟਰ ਤੇ ਯੂ.ਟੀ. ਚੰਡੀਗੜ੍ਹ ਦੇ ਕੇਵਲ 14507 ਵੋਟਰ ਸਨ | ਹੁਣ 18 ਸਾਲਾਂ ਮਗਰੋਂ ਇਕ ਮੋਟੇ ਅੰਦਾਜ਼ੇ ਅਨੁਸਾਰ ਇਹ ਗਿਣਤੀ ਪੰਜਾਬ ਵਿਚ 75 ਲੱਖ, ਹਰਿਆਣਾ ਵਿਚ 8 ਲੱਖ, ਹਿਮਾਚਲ ਵਿਚ 30,000 ਤੇ ਯੂ.ਟੀ. ਚੰਡੀਗੜ੍ਹ ਵਿਚ ਸਿੱਖ ਵੋਟਰ 35 ਤੋਂ 40 ਹਜ਼ਾਰ ਹੋ ਸਕਦੇ ਹਨ |
ਫ਼ੋਟੋ ਨਾਲ ਨੱਥੀ