
''ਇੱਕ ਰਾਤ ਲਈ ਸਹੁਰੇ ਘਰ ਆਈ , ਪਤੀ ਲਾਪਤਾ''
Jalalabad News : ਜਲਾਲਾਬਾਦ ਦੇ ਪਿੰਡ ਫਲੀਆਂਵਾਲਾ ਵਿੱਚ ਨੂੰਹ ਨੇ ਆਪਣੇ ਸਹੁਰੇ ਪਰਿਵਾਰ ਦੇ ਘਰ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਹੈ। ਇਲਜ਼ਾਮ ਹੈ ਕਿ ਉਸ ਨੂੰ ਘਰ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ ਹੈ, ਜਦੋਂਕਿ ਲੜਕੇ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੇ ਲੜਕੇ ਨੇ ਕਰੀਬ ਇੱਕ ਸਾਲ ਪਹਿਲਾਂ ਪਰਿਵਾਰ ਦੇ ਖ਼ਿਲਾਫ਼ ਜਾ ਕੇ ਉਕਤ ਲੜਕੀ ਨਾਲ ਕੋਰਟ ਮੈਰਿਜ ਕਰਵਾ ਲਈ ਸੀ। ਜਿਸਨੂੰ ਘਰ 'ਚੋਂ ਬੇਦਖਲ ਕੀਤਾ ਜਾ ਚੁੱਕਾ ਹੈ।
ਘਰ ਦੇ ਬਾਹਰ ਧਰਨੇ 'ਤੇ ਬੈਠੀ ਮਹਿਲਾ ਸੁਨੀਤਾ ਰਾਣੀ ਨੇ ਦੱਸਿਆ ਕਿ ਉਹ ਪਿੰਡ ਘਾਂਗਾ ਕਲਾਂ ਦੀ ਰਹਿਣ ਵਾਲੀ ਹੈ, ਜਿਸ ਨੇ ਕਰੀਬ ਇਕ ਸਾਲ ਪਹਿਲਾਂ ਪਿੰਡ ਫਲੀਆਂਵਾਲਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨਾਲ ਕੋਰਟ ਮੈਰਿਜ ਕਰਵਾਈ ਸੀ। ਉਸ ਦੇ ਸਹੁਰੇ ਕੋਰਟ ਮੈਰਿਜ ਦੇ ਖਿਲਾਫ ਸਨ। ਜਿਸ ਕਾਰਨ ਉਹ ਆਪਣੇ ਪਤੀ ਨਾਲ ਆਪਣੇ ਪੇਕੇ ਘਰ ਰਹਿਣ ਲੱਗੀ।
ਹੁਣ ਮਾਪੇ ਵੀ ਨਾਲ ਨਹੀਂ ਰੱਖ ਰਹੇ
ਹਾਲਾਂਕਿ ਕੁਝ ਮਹੀਨੇ ਪਹਿਲਾਂ ਦਾਦੀ ਦੀ ਮੌਤ ਹੋਣ ਦਾ ਕਹਿ ਕੇ ਉਸ ਦੇ ਸਹੁਰੇ ਪਰਿਵਾਰ ਵਾਲੇ ਦੋਵਾਂ ਨੂੰ ਘਰ ਲੈ ਆਏ ਅਤੇ ਇੱਕ ਰਾਤ ਲਈ ਉਹ ਆਪਣੇ ਸਹੁਰੇ ਘਰ ਆਈ। ਇਥੇ ਕਿਸੇ ਦੀ ਮੌਤ ਨਹੀਂ ਹੋਈ ਸੀ। ਜਿਸ ਤੋਂ ਬਾਅਦ ਉਹ ਵਾਪਸ ਆਪਣੇ ਪੇਕੇ ਘਰ ਆ ਗਈ। ਜਿਸ ਤੋਂ ਬਾਅਦ ਉਸ ਦਾ ਪਤੀ ਵੀ ਲਾਪਤਾ ਹੈ।
ਹੁਣ ਨਾ ਤਾਂ ਉਸ ਦੇ ਮਾਤਾ-ਪਿਤਾ ਉਸ ਨੂੰ ਆਪਣੇ ਘਰ ਰੱਖ ਰਹੇ ਹਨ ਅਤੇ ਨਾ ਹੀ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਆਪਣੇ ਘਰ ਵਿਚ ਵੜਨ ਦੇ ਰਹੇ ਹਨ, ਜਿਸ ਕਾਰਨ ਉਸ ਨੇ ਅੱਜ ਪਿੰਡ ਫਲੀਆਵਾਲਾ ਵਿਚ ਆਪਣੇ ਸਹੁਰੇ ਘਰ ਦੇ ਬਾਹਰ ਧਰਨਾ ਦਿੱਤਾ ਹੈ।
ਪਰਿਵਾਰ ਦੇ ਖਿਲਾਫ ਜਾ ਕੇ ਕੀਤੀ ਕੋਰਟ ਮੈਰਿਜ
ਦੂਜੇ ਪਾਸੇ ਇਸ ਮਾਮਲੇ 'ਚ ਸੁਨੀਤਾ ਰਾਣੀ ਦੇ ਸਹੁਰੇ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਇਕਲੌਤੇ ਪੁੱਤਰ ਸੁਖਵਿੰਦਰ ਸਿੰਘ ਨੇ ਪਰਿਵਾਰ ਦੇ ਖਿਲਾਫ ਜਾ ਕੇ ਲੜਕੀ ਨਾਲ ਕੋਰਟ ਮੈਰਿਜ ਕਰਵਾ ਲਈ ਸੀ, ਜਿਸ ਤੋਂ ਬਾਅਦ ਉਸ ਨੇ ਆਪਣੇ ਲੜਕੇ ਨੂੰ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਸੀ। ਅੱਜ ਤੱਕ ਉਸ ਦਾ ਬੇਟਾ ਉਸ ਦੇ ਘਰ ਨਹੀਂ ਆਇਆ। ਬਿਨ੍ਹਾਂ ਲੜਕੇ ਤੋਂ ਉਹ ਆਪਣੀ ਨੂੰਹ ਨੂੰ ਘਰ 'ਚ ਕਿਵੇਂ ਦਾਖਲ ਕਰ ਸਕਦੇ ਹਨ, ਇਸ ਲਈ ਉਹ ਇਸ ਮਾਮਲੇ ਵਿਚ ਇਨਸਾਫ਼ ਦੀ ਮੰਗ ਕਰ ਰਹੇ ਹਨ।