
ਦੁਪਹਿਰ ਵੇਲੇ ਖੇਤ 'ਚ ਪਾਣੀ ਲਾ ਰਿਹਾ ਸੀ ਮ੍ਰਿਤਕ ,ਪਰਿਵਾਰ ਵੱਲੋਂ ਮੁਆਵਜ਼ੇ ਦੀ ਮੰਗ
Abohar News : ਅਬੋਹਰ ਜ਼ਿਲ੍ਹੇ ਦੇ ਪਿੰਡ ਨਿਹਾਲਖੇੜਾ ਦੇ ਰਹਿਣ ਵਾਲੇ ਇੱਕ ਮਜ਼ਦੂਰ ਦੀ ਅੱਜ ਦੁਪਹਿਰ ਵੇਲੇ ਖੇਤ 'ਚ ਪਾਣੀ ਲਗਾਉਂਦੇ ਸਮੇਂ ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ ਹੈ। ਉਸ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਮ੍ਰਿਤਕ ਤਿੰਨ ਬੱਚਿਆਂ ਦਾ ਪਿਤਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 35 ਸਾਲਾ ਨੌਰੰਗ ਪੁੱਤਰ ਪਿਰਥੀ ਰਾਮ ਅੱਜ ਪਿੰਡ ਦੇ ਇੱਕ ਜ਼ਿਮੀਂਦਾਰ ਦੇ ਖੇਤ ਨੂੰ ਪਾਣੀ ਲਾਉਣ ਗਿਆ ਸੀ। ਉਥੇ ਪਾਣੀ ਲਗਾਉਣ ਸਮੇਂ ਉਸ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਆਸ-ਪਾਸ ਦੇ ਕਿਸਾਨਾਂ ਨੇ ਇਸ ਬਾਰੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ 'ਤੇ ਉਸ ਦਾ ਭਰਾ, ਪਰਿਵਾਰ ਦੇ ਮੈਂਬਰ ਅਤੇ ਰਿਸ਼ਤੇਦਾਰ ਉਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਜਾ ਰਹੇ ਸਨ ਕਿ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਜਿਸ ਕਾਰਨ ਤਿੰਨ ਬੱਚਿਆਂ ਦੇ ਸਿਰਾਂ ਤੋਂ ਪਿਤਾ ਦਾ ਪਰਛਾਵਾਂ ਉਠ ਗਿਆ।
ਇਥੇ ਹਸਪਤਾਲ ਦੇ ਡਾਕਟਰ ਡੀ.ਵੀ ਅਰੋੜਾ ਨੇ ਦੱਸਿਆ ਕਿ ਸੱਪ ਦੇ ਡੰਗਣ ਤੋਂ ਬਾਅਦ ਜਿਸ ਵਿਅਕਤੀ ਨੂੰ ਹਸਪਤਾਲ ਲਿਆਂਦਾ ਗਿਆ ਸੀ, ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਉਨ੍ਹਾਂ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾਇਆ ਜਾਵੇਗਾ ,ਕੱਲ੍ਹ ਪੋਸਟਮਾਰਟਮ ਕੀਤਾ ਜਾਵੇਗਾ।
ਪਰਿਵਾਰ 'ਚ ਇਕਲੌਤਾ ਕਮਾਉਣ ਵਾਲਾ ਵਿਅਕਤੀ ਸੀ ਮ੍ਰਿਤਕ
ਇਧਰ ਪਿੰਡ ਦੇ ਸਰਪੰਚ ਅਤੇ ਮ੍ਰਿਤਕ ਦੇ ਵਾਰਸਾਂ ਨੇ ਵੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਖੇਤਾਂ ਵਿਚ ਕੰਮ ਕਰਦੇ ਸਮੇਂ ਸੱਪ ਦੇ ਡੰਗਣ ਨਾਲ ਹੋਈ ਮੌਤ ਕਾਰਨ ਉਸ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਸ ਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ | ਕਿਉਂਕਿ ਉਹ ਪਰਿਵਾਰ ਵਿਚ ਇਕੱਲਾ ਕਮਾਉਣ ਵਾਲਾ ਵਿਅਕਤੀ ਸੀ।