
ਭਖਦੇ ਮੁੱਦਿਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਟੀਮ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਪਹਿਲੀ ਮੀਟਿੰਗ
ਚੰਡੀਗੜ੍ਹ, 27 ਜੁਲਾਈ (ਗੁਰਉਪਦੇਸ਼ ਭੁੱਲਰ): ਸੂਬੇ ਦੇ ਭਖਦੇ ਮੁੱਦਿਆਂ ਦੇ ਹੱਲ ਅਤੇ ਪਾਰਟੀ ਤੇ ਸਰਕਾਰ ਵਿਚ ਬੇਹਤਰ ਤਾਲਮੇਲ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੇ ਕਾਰਜਕਾਰੀ ਪ੍ਰਧਾਨਾਂ ਕੁਲਜੀਤ ਨਾਗਰਾ, ਸੰਗਤ ਸਿੰਘ ਗਿਲਜੀਆਂ, ਪਵਨ ਗੋਇਲ ਅਤੇ ਸੁਖਵਿੰਦਰ ਸਿੰਘ ਡੈਨੀ ਦਰਮਿਆਨ ਪਹਿਲੀ ਮੀਟਿੰਗ ਹੋਈ। ਪੰਜਾਬ ਸਕੱਤਰੇਤ ਵਿਚ ਮੁੱਖ ਮੰਤਰੀ ਦਫ਼ਤਰ ਵਿਚ ਹੋਈ ਇਸ ਮੀਟਿੰਗ ਵਿਚ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਜੋ ਕੈਬਨਿਟ ਵਿਚ ਦੂਜੇ ਸਥਾਨ ਦਾ ਦਰਜਾ ਰਖਦੇ ਹਨ, ਵੀ ਮੌਜੂਦ ਰਹੇ। ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਵੀ ਸ਼ਾਮਲ ਸਨ।
ਇਸ ਮੀਟਿੰਗ ਵਿਚ ਜਿਥੇ ਪਾਰਟੀ ਤੇ ਸਰਕਾਰ ਵਿਚਾਲੇ ਵਧੀਆ ਤਾਲਮੇਲ ਬਣਾ ਕੇ ਮਿਲ ਕੇ ਕੰਮ ਕਰਨ ਬਾਰੇ ਗੱਲਬਾਤ ਹੋਈ, ਉਥੇ ਜ਼ਿਆਦਾ ਚਰਚਾ ਪਾਰਟੀ ਹਾਈਕਮਾਨ ਵਲੋਂ ਤੈਅ 18 ਨੁਕਾਤੀ ਏਜੰਡੇ ਦੀ ਪੂਰਤੀ ਲਈ ਚੁੱਕੇ ਜਾਣ ਵਾਲੇ ਕਦਮਾਂ ’ਤੇ ਰਹੀ। ਨਵਜੋਤ ਸਿੱਧੂ ਨੇ ਬੀਤੇ ਦਿਨੀਂ ਅਪਣੀ ਟੀਮ ਨਾਲ ਕਾਂਗਰਸ ਭਵਨ ਵਿਚ ਪਹਿਲੀ ਮੀਟਿੰਗ ਕਰ ਕੇ ਇਸ ਏਜੰਡੇ ਦੀ ਪੂਰਤੀ ਲਈ ਹੀ ਪਾਰਟੀ ਦੀ ਰਣਨੀਤੀ
ਬਾਰੇ ਵਿਚਾਰ ਵਟਾਂਦਰਾ ਕੀਤਾ ਸੀ। ਇਸੇ ਏਜੰਡੇ ਤਹਿਤ ਪੰਜ ਤਰਜੀਹਾਂ ਤੈਅ ਕਰ ਕੇ ਪੰਜਾਬ ਕਾਂਗਰਸ ਕਮੇਟੀ ਵਲੋਂ ਮੁੱਖ ਮੰਤਰੀ ਨੂੰ ਇਕ ਹੋਰ ਨੋਟ ਬਣਾ ਕੇ ਦਿਤਾ ਗਿਆ ਹੈ। ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨਾਂ ਦੇ ਦਸਤਖਤਾਂ ਹੇਠ ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਸੌਂਪੇ ਗਏ ਇਸ ਲਿਖਤੀ ਨੋਟ ਵਿਚ ਕਿਹਾ ਗਿਆ ਹੈ ਕਿ ਅੱਜ ਫ਼ੈਸਲੇ ਲੈਣ ਵਿਚ ਦਲੇਰ, ਦ੍ਰਿੜ੍ਹ ਅਤੇ ਸੱਭ ਨੂੰ ਨਾਲ ਲੈ ਕੇ ਚਲਣ ਵਾਲੀ ਲੀਡਰਸ਼ਿਪ ਦੀ ਲੋੜ ਹੈ। ਇਹ ਪੰਜਾਬੀਆਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਲਈ ਵਚਨਬੱਧ ਹੋਵੇ।
ਪੰਜਾਬ ਕਾਂਗਰਸ ਦੇ ਵਰਕਰ ਹਾਈਕਮਾਨ ਦੇ 18 ਨੁਕਾਤੀ ਏਜੰਡੇ ਨਾਲ ਇਕਜੁਟ ਹੋ ਕੇ ਖੜੇ ਹਨ। ਨਿਰਣਾਇਕ ਫ਼ੈਸਲੇ ਲਏ ਬਿਨਾਂ ਕਦੇ ਵੀ ਕੋਈ ਮਹਾਨ ਪ੍ਰਾਪਤੀ ਨਹੀਂ ਹੁੰਦੀ।
ਡੱਬੀ
ਮੁੱਖ ਮੰਤਰੀ ਨੂੰ 18 ਨੁਕਾਤੀ ਏਜੰਡਾ ਵਿਚੋਂ ਦਸੀਆਂ ਇਹ ਪੰਜ ਤਰਜੀਹਾਂ
1. ਪੰਜਾਬ ਦੇ ਲੋਕ ਪੰਜਾਬ ਦੀ ਰੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਸਜ਼ਾਵਾਂ ਲਈ ਛੇਤੀ ਇਨਸਾਫ਼ ਹੋਵੇ।
2. ਸਪੈਸ਼ਲ ਟਾਸਕ ਫ਼ੋਰਸ ਦੀ ਰੀਪੋਰਟ ਵਿਚ ਦਰਜ ਨਸ਼ੇ ਦੇ ਸੌਦਾਗਰ ਵੱਡੇ ਮਗਰਮੱਛਾਂ ਦੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ।
3. ਕੇਂਦਰ ਸਰਕਾਰ ਦੇ ਤਿੰਨੇ ਕਾਲੇ ਖੇਤੀ ਕਾਨੂੰਨਾਂ ਵਿਚ ਸੋਧਾਂ ਦੀ ਥਾਂ ਇਨ੍ਹਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਲਈ ਵਿਧਾਨ ਸਭਾ ਵਿਚ ਦਲੇਰੀ ਵਾਲਾ ਫ਼ੈਸਲਾ ਹੋਵੇ। ਇਸ ਲਈ ਵਿਧਾਇਕ ਪੂਰੀ ਤਰ੍ਹਾਂ ਤਿਆਰ ਹਨ।
4. ਪੰਜਾਬ ਦੇ ਖ਼ਜ਼ਾਨੇ ਨੂੰ ਹੋਰ ਖੋਰਾ ਲੱਗਣ ਤੋਂ ਰੋਕਣ ਲਈ ਪਿਛਲੀ ਸਰਕਾਰ ਸਮੇਂ ਹੋਏ ਨੁਕਸਦਾਰ ਬਿਜਲੀ ਸਮਝੌਤੇ ਰੱਦ ਕੀਤੇ ਜਾਣ।
5. ਅਧਿਆਪਕਾਂ, ਡਾਕਟਰਾਂ, ਨਰਸਾਂ, ਲਾਇਨਮੈਨ, ਸਫ਼ਾਈ ਸੇਵਕ ਜੋ ਸੜਕਾਂ ’ਤੇ ਧਰਨੇ ਦੇ ਰਹੇ ਹਨ, ਦੇ ਮਾਮਲਿਆਂ ਦਾ ਗੱਲਬਾਤ ਕਰ ਕੇ ਨਿਪਟਾਰਾ ਕੀਤਾ ਜਾਵੇ।
ਫ਼ੋਟੋ ਸੰਤੋਖ ਸਿੰਘ ਵਲੋਂ
ਡੱਬੀ
ਕੈਪਟਨ ਮੀਟਿੰਗ ਵਿਚ ਪ੍ਰਧਾਨਾਂ ਨੂੰ ਬੋਲੇ,‘ਤੁਹਾਡੀ ਜਿੱਤ ਮੇਰੀ ਜਿੱਤ, ਸਾਡੀ ਜਿੱਤ ਪਾਰਟੀ ਦੀ ਜਿੱਤ’
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾਈ ਕਾਂਗਰਸ ਲੀਡਰਸ਼ਿਪ ਦੀ ਨਵੀਂ ਟੀਮ ਨੂੰ ਦਸਿਆ ਕਿ ਉਨ੍ਹਾਂ ਵਲੋਂ ਚੁੱਕੇ ਗਏ ਮੁੱਦਿਆਂ ਸਬੰਧੀ ਪ੍ਰਗਟਾਏ ਖਦਸ਼ੇ ਪਹਿਲਾਂ ਹੀ ਹੱਲ ਲਈ ਸੂਬਾ ਸਰਕਾਰ ਦੇ ਧਿਆਨ ਹਿਤ ਹਨ ਜਿਨ੍ਹਾਂ ਉਤੇ ਪਾਰਟੀ ਨਾਲ ਤਾਲਮੇਲ ਰਾਹੀਂ ਕੰਮ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਪਾਰਟੀ ਦੀ ਸੂਬਾਈ ਲੀਡਰਸ਼ਿਪ ਨੂੰ ਆਖਿਆ ਕਿ ਸੂਬਾ ਸਰਕਾਰ ਪਾਰਟੀ ਦੇ 2017 ਵਿਧਾਨ ਸਭਾ ਚੋਣਾਂ ਦੇ ਮੈਨੀਫ਼ੈਸਟੋ ਵਿਚ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਬਹੁਤਿਆਂ ਨੂੰ ਪਹਿਲਾਂ ਹੀ ਲਾਗੂ ਕਰ ਚੁੱਕੀ ਹੈ ਅਤੇ ਹੋਰ ਬਾਕੀ ਮਾਮਲੇ ਵੀ ਜਲਦ ਹੱਲ ਹੋ ਜਾਣਗੇ। ਪਾਰਟੀ ਦੇ ਹਿਤ ਵਿਚ ਇਕੱਠਿਆਂ ਮਿਲ ਕੇ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਪੰਜਾਬ ਕਾਂਗਰਸ ਪ੍ਰਧਾਨ ਤੇ ਵਰਕਿੰਗ ਪ੍ਰਧਾਨਾਂ ਨੂੰ ਕਿਹਾ, ‘‘ਤੁਹਾਡੀ ਜਿੱਤ ਮੇਰੀ ਜਿੱਤ ਹੈ ਅਤੇ ਸਾਡੀ ਜਿੱਤ ਪਾਰਟੀ ਦੀ ਜਿੱਤ ਹੈ। ਸਾਨੂੰ ਸੂਬੇ ਅਤੇ ਲੋਕਾਂ ਦੇ ਹਿਤ ਨੂੰ ਦੇਖਦਿਆਂ ਇਕੱਠਿਆਂ ਕੰਮ ਕਰਨ ਦੀ ਲੋੜ ਹੈ।’’