
ਸੀਨੀਅਰ ਪੁਲਿਸ ਕਪਤਾਨ ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ ਪੁਲਿਸ ਨੇ ਦੂਤਾਵਾਸ ਨੂੰ ਪੱਤਰ ਲਿਖਿਆ ਹੈ।
ਮੁਹਾਲੀ: ਵਿੱਕੀ ਮਿੱਢੂਖੇੜਾ ਕਤਲ ਕਾਂਡ ਮਾਮਲੇ ਵਿਚ ਮੁਹਾਲੀ ਪੁਲਿਸ ਨੇ ਆਸਟ੍ਰੇਲੀਅਨ ਅੰਬੈਸੀ ਨੂੰ ਸ਼ਗਨਪ੍ਰੀਤ ਸਿੰਘ ਦਾ ਵੀਜ਼ਾ ਰੱਦ ਕਰਨ ਅਤੇ ਉਸ ਨੂੰ ਡਿਪੋਰਟ ਕਰਨ ਲਈ ਕਿਹਾ ਹੈ। ਸੀਨੀਅਰ ਪੁਲਿਸ ਕਪਤਾਨ ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ ਪੁਲਿਸ ਨੇ ਦੂਤਾਵਾਸ ਨੂੰ ਪੱਤਰ ਲਿਖਿਆ ਹੈ।
ਉਹਨਾਂ ਕਿਹਾ, “ਅਸੀਂ ਸ਼ਗਨਪ੍ਰੀਤ ਨੂੰ ਆਸਟ੍ਰੇਲੀਆ ਤੋਂ ਮੁਹਾਲੀ ਵਾਪਸ ਲਿਆਉਣ ਲਈ ਕੰਮ ਕਰ ਰਹੇ ਹਾਂ”। ਪੁਲਿਸ ਨੇ ਆਪਣੇ ਪੱਤਰ ਵਿਚ ਕਿਹਾ, “ਇੱਥੇ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ ਦਾ ਇਕ ਨਾਗਰਿਕ ਸ਼ਗਨਪ੍ਰੀਤ ਸਿੰਘ, ਵਾਸੀ ਖਮਾਣੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਪੰਜਾਬ, ਆਈਪੀਸੀ ਦੀ ਧਾਰਾ 302, 34 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25/27 ਤਹਿਤ ਇਕ ਮੁਲਜ਼ਮ ਹੈ। ਇਸ ਦੇ ਖ਼ਿਲਾਫ਼ ਮੁਹਾਲੀ ਦੇ ਥਾਣਾ ਮਟੌਰ ਵਿਚ ਮਾਮਲਾ ਦਰਜ ਹੈ।
ਇਹ ਐਫਆਈਆਰ ਵਿਕਰਮਜੀਤ ਸਿੰਘ ਉਰਫ ਵਿੱਕੀ ਮਿੱਢੂਖੇੜਾ ਦੇ ਭਰਾ ਅਜੈਪਾਲ ਸਿੰਘ ਮਿੱਢੂਖੇੜਾ ਦੇ ਬਿਆਨ 'ਤੇ ਦਰਜ ਕੀਤੀ ਗਈ ਸੀ, ਜਿਸ ਦਾ 7 ਅਗਸਤ 2021 ਨੂੰ ਚਾਰ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਸ਼ਗਨਪ੍ਰੀਤ 'ਤੇ ਚੌਥੇ ਅਣਪਛਾਤੇ ਸ਼ਾਰਪ ਸ਼ੂਟਰ ਨੂੰ ਬਾਕੀ ਤਿੰਨਾਂ ਨਾਲ ਮਿਲਾਉਣ ਦਾ ਦੋਸ਼ ਹੈ। ਸ਼ਗਨਪ੍ਰੀਤ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅਗਾਊਂ ਜ਼ਮਾਨਤ ਲਈ ਅਰਜ਼ੀ ਵੀ ਦਿੱਤੀ ਸੀ।