
ਘਟਨਾ ਦੀ ਵੀਡੀਓ ਆਈ ਸਾਹਮਣੇ
ਜਲੰਧਰ - ਜਲੰਧਰ ਦੇ ਤਹਿਤ ਆਉਂਦੇ ਪਿੰਡ ਭੋਗਪੁਰ ਵਿਚ ਸ਼ੁੱਕਰਵਾਰ ਨੂੰ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਥਾਣੇ ਦਾ ਘਿਰਾਓ ਕੀਤਾ। ਦੁਕਾਨਦਾਰਾਂ ਨੇ ਸ਼ਹਿਰ ਵਿਚ ਵੱਧ ਰਹੀਆਂ ਘਟਨਾਵਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਆਪਣਾ ਗੁੱਸਾ ਕੱਢਿਆ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਸ਼ਹਿਰ ਵਿਚ ਲੁਟੇਰੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਦੁਕਾਨਦਾਰਾਂ ਨੂੰ ਲੁੱਟ ਰਹੇ ਹਨ ਅਤੇ ਪੁਲਿਸ ਹੱਥ ’ਤੇ ਹੱਥ ਰੱਖ ਕੇ ਬੈਠੀ ਹੈ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਲੁਟੇਰਿਆਂ ਨੇ ਸ਼ਰੇਆਮ ਬਾਜ਼ਾਰ ਦੇ ਵਿਚ ਇਕ ਕੰਪਿਊਟਰ ਵਾਲੀ ਦੁਕਾਨ ਨੂੰ ਅਪਣਾ ਨਿਸ਼ਾਨਾ ਬਣਾਇਆ।ਲੁਟੇਰਿਆਂ ਨੇ ਦੁਕਾਨ ਦੇ ਮਾਲਕ 'ਤੇ ਦਾਤਰਾਂ ਨਾਲ ਹਮਲਾ ਕੀਤਾ ਤੇ ਗੱਲੇ ਵਿਚੋਂ ਕੈਸ਼ ਚੇ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ। ਸ਼ਿਕਾਇਤ ਦੇਣ ਤੋਂ ਇਲਾਵਾ ਸਾਰੀ ਘਟਨਾ ਦੀ ਸੀਸੀਟੀਵੀ ਦੇਖਣ ਦੇ ਬਾਵਜੂਦ ਪੁਲਿਸ ਨੇ ਅਜੇ ਤੱਕ ਲੁਟੇਰਿਆਂ ਨੂੰ ਨਹੀਂ ਫੜਿਆ। ਦੁਕਾਨਦਾਰਾਂ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਕੁਝ ਦਿਨਾਂ ਤੋਂ ਭੋਗਪੁਰ ਦੇ ਬਾਜ਼ਾਰਾਂ ਵਿਚ 3-4 ਵਿਅਕਤੀ ਸਾਈਕਲਾਂ ’ਤੇ ਦਾਤਰ ਲੈ ਕੇ ਘੁੰਮ ਰਹੇ ਹਨ।
ਲੁਟੇਰੇ ਬਾਜ਼ਾਰ ਦੇ ਉਸ ਇਲਾਕੇ ਵਿੱਚ ਜਾ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਿੱਥੇ ਭੀੜ ਘੱਟ ਹੁੰਦੀ ਹੈ। ਅਜਿਹੀ ਹੀ ਇੱਕ ਘਟਨਾ ਉਹਨਾਂ ਦੇ ਇੱਕ ਸਾਥੀ ਦੁਕਾਨਦਾਰ ਨਾਲ ਵਾਪਰੀ। ਸ਼ਾਮ ਨੂੰ ਉਹ ਆਪਣੀ ਦੁਕਾਨ 'ਤੇ ਇਕੱਲਾ ਸੀ ਜਦੋਂ ਦੋ ਵਿਅਕਤੀ ਛੁਰਾ ਲੈ ਕੇ ਆਏ ਅਤੇ ਦੁਕਾਨਦਾਰ ਦੀ ਉਨ੍ਹਾਂ ਨੇ ਆਉਂਦਿਆਂ ਹੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਉਹ ਲੁੱਟ-ਖੋਹ ਕਰਕੇ ਫਰਾਰ ਹੋ ਗਏ। ਇਸ ਘਟਨਾ ਵਿਚ ਦੁਕਾਨਦਾਰ ਨੂੰ ਕਾਫੀ ਸੱਟਾਂ ਲੱਗੀਆਂ ਹਨ। ਇਸ ਦੌਰਾਨ ਥਾਣਾ ਭੋਗਪੁਰ ਦੇ ਇੰਚਾਰਜ ਸੁਖਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਲੁਟੇਰਿਆਂ ਦੀ ਭਾਲ ਵਿਚ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਨਾਲ ਹੀ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਘੁੰਮਦਾ ਦੇਖਿਆ ਜਾਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।