
ਇਨਕਮ ਸਰਟੀਫਿਕੇਟ ਬਣਾਉਣ ਬਦਲੇ ਮੰਗੇ ਸਨ 10 ਹਜ਼ਾਰ ਰੁਪਏ
ਜਲੰਧਰ : ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਦੀ ਨਕੋਦਰ ਤਹਿਸੀਲ ਦੇ ਰਜਿਸਟਰੀ ਕਲਰਕ 'ਤੇ ਸ਼ਿਕੰਜਾ ਕੱਸਿਆ ਹੈ। ਵਿਜੀਲੈਂਸ ਟੀਮ ਨੇ ਕਲਰਕ ਪ੍ਰਸ਼ਾਂਤ ਜੋਸ਼ੀ ਨੂੰ ਆਮਦਨ ਸਰਟੀਫਿਕੇਟ ਬਣਾਉਣ ਦੇ ਬਦਲੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਲੁਧਿਆਣਾ ਵਿਜੀਲੈਂਸ ਦੇ ਡੀਐਸਪੀ ਇੰਦਰਪਾਲ ਸਿੰਘ ਦੀ ਅਗਵਾਈ ਵਿਚ ਵਿਜੀਲੈਂਸ ਟੀਮ ਨੇ ਨਕੋਦਰ ਰਜਿਸਟਰੀ ਕਲਰਕ ਨੂੰ ਰਿਸ਼ਵਤ ਦੀ ਰਕਮ ਸਮੇਤ ਕਾਬੂ ਕੀਤਾ।
ਲੁਧਿਆਣਾ ਵਿਜੀਲੈਂਸ ਦੇ ਡੀਐਸਪੀ ਇੰਦਰਪਾਲ ਸਿੰਘ ਨੇ ਦਸਿਆ ਕਿ ਨਕੋਦਰ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਹੈਪੀ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਸੀ ਕਿ ਨਕੋਦਰ ਤਹਿਸੀਲ ਦਾ ਰਜਿਸਟਰੀ ਕਲਰਕ ਉਸ ਦਾ ਆਮਦਨ ਸਰਟੀਫਿਕੇਟ ਨਹੀਂ ਬਣਾ ਰਿਹਾ। ਉਹ ਆਮਦਨ ਸਰਟੀਫਿਕੇਟ ਬਣਾਉਣ ਦੇ ਬਦਲੇ 10 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਹੈ। ਪ੍ਰਦੀਪ ਸਿੰਘ ਹੈਪੀ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਇਸ ਦੀ ਜਾਂਚ ਕੀਤੀ।
ਜਾਂਚ ਵਿਚ ਸ਼ਿਕਾਇਤ ਦੇ ਸਾਰੇ ਤੱਥ ਸਹੀ ਪਾਏ ਗਏ। ਇਸ ਤੋਂ ਬਾਅਦ ਵਿਜੀਲੈਂਸ ਅਧਿਕਾਰੀਆਂ ਨੇ ਸ਼ਿਕਾਇਤਕਰਤਾ ਪ੍ਰਦੀਪ ਸਿੰਘ ਹੈਪੀ ਨੂੰ ਦਫ਼ਤਰ ਬੁਲਾਇਆ ਅਤੇ ਉਸ ਨੂੰ ਸਾਰੀ ਵਿਉਂਤਬੰਦੀ ਸਮਝਾਈ। ਵਿਉਂਤਬੰਦੀ ਅਨੁਸਾਰ ਹੈਪੀ ਨੇ ਰਜਿਸਟਰੀ ਕਲਰਕ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਸੌਦੇਬਾਜ਼ੀ ਕੀਤੀ ਅਤੇ ਮਾਮਲਾ 6,000 ਰੁਪਏ 'ਚ ਤੈਅ ਹੋ ਗਿਆ।
ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਪਲੈਨਿੰਗ ਸੈੱਲ ਤਹਿਤ ਪੂਰੀ ਤਰ੍ਹਾਂ ਜਾਲ ਵਿਛਾ ਦਿਤਾ। ਵਿਜੀਲੈਂਸ ਨੇ ਸ਼ਿਕਾਇਤਕਰਤਾ ਪ੍ਰਦੀਪ ਸਿੰਘ ਹੈਪੀ ਨੂੰ ਕੈਮੀਕਲ ਪਾਊਡਰ ਵਾਲਾ ਨੋਟ ਦੇਣ ਤੋਂ ਬਾਅਦ ਰਜਿਸਟਰੀ ਕਲਰਕ ਪ੍ਰਸ਼ਾਂਤ ਜੋਸ਼ੀ ਨੂੰ ਭੇਜ ਦਿਤਾ। ਜਿਵੇਂ ਹੀ ਪ੍ਰਸ਼ਾਂਤ ਜੋਸ਼ੀ ਨੇ ਹੈਪੀ ਤੋਂ ਪੈਸੇ ਲੈ ਕੇ ਆਪਣੀ ਜੇਬ ਵਿਚ ਪਾਏ ਤਾਂ ਉੱਪਰੋਂ ਵਿਜੀਲੈਂਸ ਟੀਮ ਨੇ ਛਾਪਾ ਮਾਰਿਆ। ਜਦੋਂ ਉਸ ਨੇ ਜੇਬ ਵਿਚੋਂ ਨੋਟ ਕੱਢ ਕੇ ਮੈਚ ਕੀਤਾ ਅਤੇ ਪ੍ਰਸ਼ਾਂਤ ਦੇ ਹੱਥ ਧੋਤੇ ਤਾਂ ਉਨ੍ਹਾਂ ’ਤੇ ਰੰਗ ਆ ਗਿਆ।