
ਬੀ.ਬੀ.ਐਮ.ਬੀ. ਨੇ ਅਗਲੇ ਦਿਨਾਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਭਾਖੜਾ ਡੈਮ ਅਤੇ ਪੌਂਗ ਡੈਮ ਤੋਂ 98 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ
ਚੰਡੀਗੜ੍ਹ : ਪੰਜਾਬ ਦੇ 17 ਜ਼ਿਲ੍ਹਿਆਂ ਵਿਚ ਅੱਜ ਮੀਂਹ ਰਿਹਾ ਹੈ। ਪੂਰਬੀ ਮਾਲਵੇ ਦੇ 10 ਜ਼ਿਲ੍ਹਿਆਂ ਵਿਚ ਅੱਜ ਪੀਲੀ ਅਤੇ ਸੰਤਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ, ਮੁਹਾਲੀ, ਫਤਿਹਗੜ੍ਹ ਸਾਹਿਬ, ਲੁਧਿਆਣਾ, ਮੋਗਾ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿਚ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਪਿਛਲੇ 7 ਦਿਨਾਂ ਦੇ ਅੰਕੜੇ ਜਾਰੀ ਕੀਤੇ ਹਨ। ਪੰਜਾਬ ਵਿਚ ਪਿਛਲੇ ਹਫ਼ਤੇ ਆਮ ਮੀਂਹ ਦਰਜ ਕੀਤਾ ਗਿਆ ਹੈ ਪਰ 10 ਜ਼ਿਲ੍ਹੇ ਅਜਿਹੇ ਹਨ ਜਿੱਥੇ ਆਮ ਨਾਲੋਂ ਘੱਟ ਮੀਂਹ ਪਿਆ ਹੈ। ਦੂਜੇ ਪਾਸੇ ਫਰੀਦਕੋਟ, ਅੰਮ੍ਰਿਤਸਰ, ਮੁਹਾਲੀ ਅਤੇ ਤਰਨਤਾਰਨ ਅਜਿਹੇ ਜ਼ਿਲ੍ਹੇ ਹਨ ਜਿੱਥੇ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ। ਦੂਜੇ ਪਾਸੇ ਪਹਾੜਾਂ 'ਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਭਾਖੜਾ ਡੈਮ ਅਤੇ ਪੌਂਗ ਡੈਮ 'ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ।
ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਨੇ ਅਗਲੇ ਦਿਨਾਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਭਾਖੜਾ ਡੈਮ ਅਤੇ ਪੌਂਗ ਡੈਮ ਤੋਂ 98 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। ਬੀਤੇ ਦਿਨ ਦੋਵਾਂ ਡੈਮਾਂ ਤੋਂ ਕੁੱਲ 79989 ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਵਿਚ ਭਾਖੜਾ ਡੈਮ ਤੋਂ 40387 ਕਿਊਸਿਕ ਅਤੇ ਪੌਂਗ ਡੈਮ ਤੋਂ 39602 ਕਿਊਸਿਕ ਪਾਣੀ ਛੱਡਿਆ ਗਿਆ।
ਅੱਜ ਭਾਖੜਾ ਡੈਮ ਤੋਂ 48 ਹਜ਼ਾਰ ਕਿਊਸਿਕ ਅਤੇ ਪੌਂਗ ਡੈਮ ਤੋਂ 50 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ। ਸੂਤਰਾਂ ਮੁਤਾਬਕ ਇਸ ਸਬੰਧੀ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਸਹਿਮਤੀ ਲਈ ਗਈ ਹੈ। ਭਾਖੜਾ ਡੈਮ ਦਾ ਪੱਧਰ 1657.53 ਫੁੱਟ 'ਤੇ ਪਹੁੰਚ ਗਿਆ ਹੈ, ਜਦੋਂ ਕਿ ਖਤਰੇ ਦਾ ਨਿਸ਼ਾਨ 1680 ਫੁੱਟ ਹੈ। ਪਿਛਲੇ ਸਾਲ ਇਸ ਦਿਨ ਪਾਣੀ ਦਾ ਇਹ ਪੱਧਰ ਸਿਰਫ਼ 1586.56 ਫੁੱਟ ਸੀ। ਪੌਂਗ ਡੈਮ ਦੇ ਪਾਣੀ ਦਾ ਪੱਧਰ 1376.44 ਫੁੱਟ ਤੱਕ ਪਹੁੰਚ ਗਿਆ ਹੈ ਅਤੇ ਖ਼ਤਰੇ ਦਾ ਪੱਧਰ 1392 ਫੁੱਟ ਹੈ। ਪਿਛਲੇ ਸਾਲ ਇਸ ਦਿਨ ਇਹ ਪੱਧਰ 1323.1 ਫੁੱਟ ਸੀ।
ਮੌਸਮ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਵਿਚ ਪਿਛਲੇ ਹਫ਼ਤੇ 20 ਫ਼ੀਸਦੀ ਜ਼ਿਆਦਾ ਮੀਂਹ ਪਿਆ ਹੈ। ਫਰੀਦਕੋਟ ਵਿਚ 526%, ਮੁਹਾਲੀ ਵਿਚ 213%, ਤਰਨਤਾਰਨ ਵਿਚ 212% ਅਤੇ ਅੰਮ੍ਰਿਤਸਰ ਵਿਚ 204% ਜ਼ਿਆਦਾ ਮੀਂਹ ਦਰਜ ਕੀਤਾ ਗਿਆ। ਜਦੋਂ ਕਿ ਲੁਧਿਆਣਾ ਵਿਚ 72%, ਬਠਿੰਡਾ ਵਿਚ 68%, ਫਾਜ਼ਿਲਕਾ ਵਿਚ 67%, ਮੁਕਤਸਰ ਵਿਚ 55%, ਸੰਗਰੂਰ ਵਿਚ 52%, ਪਟਿਆਲਾ ਵਿਚ 40%, ਰੂਪਨਗਰ ਵਿਚ 42% ਅਤੇ ਬਰਨਾਲਾ ਵਿਚ 39% ਘੱਟ ਮੀਂਹ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਅਗਲੇ ਹਫ਼ਤੇ ਵੀ ਆਮ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਤਾਪਮਾਨ ਵੀ ਆਮ ਵਾਂਗ ਰਹੇਗਾ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਹੁਸ਼ਿਆਰਪੁਰ ਵਿੱਚ 3 ਅਗਸਤ ਤੱਕ ਔਸਤਨ 5 ਮਿਲੀਮੀਟਰ ਮੀਂਹ ਪੈਣ ਦੀ ਸੰਭਾਵਨਾ ਹੈ। ਬਾਕੀ ਪੰਜਾਬ ਵਿਚ ਮੌਸਮ ਵਿਭਾਗ ਨੇ ਔਸਤਨ 5 ਤੋਂ 10 ਮਿਲੀਮੀਟਰ ਮੀਂਹ ਪੈਣ ਦਾ ਅਨੁਮਾਨ ਲਾਇਆ ਹੈ।