
ਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ ਸੈਸ਼ਨ ਦੇ ਪ੍ਰਸ਼ਨ ਕਾਲ ਦੌਰਾਨ ਸਦਨ ਵਿਚ ਕਿਹਾ ਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਸਾਬਕਾ ਪ੍ਰਧਾਨ ਮੰਤਰੀ...
ਚੰਡੀਗੜ੍ਹ, 27 ਅਗੱਸਤ (ਕਮਲਜੀਤ ਸਿੰਘ ਬਨਵੈਤ): ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ ਸੈਸ਼ਨ ਦੇ ਪ੍ਰਸ਼ਨ ਕਾਲ ਦੌਰਾਨ ਸਦਨ ਵਿਚ ਕਿਹਾ ਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਅਤੇ ਅਪਣੀ ਮਾਂ ਇੰਦਰਾ ਗਾਂਧੀ ਦੇ ਕਤਲ ਦੇ ਦਿਨ ਕੋਲਕਾਤਾ ਗਏ ਹੋਏ ਸਨ ਤੇ ਹੋਰ ਕਿਸੇ ਵੱਡੇ ਨੇਤਾ ਨੇ ਦੰਗਾਕਾਰੀਆਂ ਨੂੰ ਨਹੀਂ ਭੜਕਾਇਆ ਸੀ। ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਾਹੁਲ ਗਾਂਧੀ ਵਲੋਂ 1984 ਦੇ ਸਿੱਖ ਕਤਲੇਆਮ ਲਈ ਕਾਂਗਰਸ ਨੂੰ ਦਿਤੀ ਕਲੀਨ ਚਿਟ ਦੇ ਵਿਰੋਧ ਵਿਚ ਰੋਸ ਪ੍ਰਗਟ ਕਰ ਰਹੇ ਸਨ।
ਕੈਪਟਨ ਅਮਰਿੰਦਰ ਸਿੰਘ ਅਤੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਵਕੀਲ ਐਚ.ਐਸ. ਫੂਲਕਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਧਾਨ ਸਭਾ ਦੀ ਕਾਰਵਾਈ ਵਿਚ ਰਾਹੁਲ ਗਾਂਧੀ ਦਾ ਨਾਂਅ ਦਰਜ ਕਰਵਾ ਕੇ ਹਟੇ। ਇਸ ਤੋਂ ਪਹਿਲਾਂ ਸਪੀਕਰ ਨੇ 1984 ਦੇ ਸਿੱਖ ਕਤਲੇਆਮ ਵਿਚ ਮਰਹੂਮ ਰਾਜੀਵ ਗਾਂਧੀ, ਕਾਂਗਰਸ ਸੁਪਰੀਮੋ ਰਾਹੁਲ ਗਾਂਧੀ ਅਤੇ ਸਾਬਕਾ ਮੰਤਰੀ ਜਗਦੀਸ਼ ਟਾਇਟਲਰ ਦਾ ਨਾਂ ਕਾਰਵਾਈ ਵਿਚ ਦਰਜ ਨਾ ਕਰਵਾਉਣ ਦੇ ਆਦੇਸ਼ ਦਿਤੇ ਸਨ।
ਕੈਪਟਨ ਅਮਰਿੰਦਰ ਸਿੰਘ ਦੇ 1984 ਦੇ ਸਿੱਖ ਕਤਲੇਆਮ ਬਾਰੇ ਅਕਾਲੀ ਦਲ ਦੇ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਜਿਸ ਵੇਲੇ ਦੰਗੇ ਵਾਪਰੇ ਸਨ, ਉਸ ਵੇਲੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ ਅਤੇ ਉਹ ਸਾਬਕਾ ਸਪੀਕਰ ਰਵੀਇੰਦਰ ਸਿੰਘ ਦੇ ਨਿਜੀ ਜਹਾਜ਼ ਵਿਚ ਦਿੱਲੀ ਦੇ ਹਾਲਾਤ ਦੇਖਣ ਲਈ ਗਏ ਸਨ। ਉਨ੍ਹਾਂ ਨਾਲ ਮਰਹੂਮ ਸੁਰਜੀਤ ਸਿੰਘ ਬਰਨਾਲਾ ਵੀ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਗੁਰਦਵਾਰਾ ਰਕਾਬਗੰਜ ਸਾਹਿਬ ਵਿਖੇ ਇਕੱਠੇ ਹੋਏ ਸਿੱਖ ਸ਼ਰਨਾਰਥੀਆਂ ਨੇ ਦੰਗਿਆਂ ਵਿਚ ਸ਼ਾਮਲ ਲੋਕਾਂ ਦਾ ਨਾਂਅ ਲਿਆ ਸੀ।
ਉਨ੍ਹਾਂ ਵਿਚ ਐਚ.ਕੇ. ਐਲ ਭਗਤ, ਸੱਜਣ ਕੁਮਾਰ, ਅਰਜਨ ਦੇਵ ਅਤੇ ਇਕ ਹੋਰ ਧਰਮ ਦੇਵ ਸ਼ਾਮਲ ਦਸੇ ਗਏ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸਦਨ ਵਿਚ ਸਿਰਫ਼ ਉਸ ਘਟਨਾ ਦਾ ਦਾਅਵਾ ਕਰਦੇ ਹਨ ਕਿ ਜਿਹੜੀ ਉਨ੍ਹਾਂ ਨੇ ਅੱਖੀਂ ਵੇਖੀ ਸੀ। ਸੁਖਬੀਰ ਬਾਦਲ ਨੇ ਇਸ ਬਾਰੇ ਟਿਪਣੀ ਕਰਦੇ ਹੋਏ ਕਿਹਾ ਕਿ ਜਦ ਖ਼ੁਦ ਮੁੱਖ ਮੰਤਰੀ ਨੇ ਮੰਨ ਹੀ ਲਿਆ ਹੈ ਕਿ ਕਿਹੜੇ ਕਾਂਗਰਸੀ ਆਗੂ ਕਤਲੇਆਮ ਲਈ ਜ਼ਿੰਮੇਵਾਰ ਸਨ ਤਾਂ ਉਨ੍ਹਾਂ ਨੂੰ ਐਸ.ਆਈ.ਟੀ. ਸਾਹਮਣੇ ਮੁੱਖ ਗਵਾਹ ਵਜੋਂ ਸਾਰੀ ਗੱਲ ਉਥੇ ਦਸਣੀ ਚਾਹੀਦੀ ਹੈ।
ਅਕਾਲੀ ਦਲ ਵਲੋਂ ਸਿੱਖ ਕਤਲੇਆਮ ਬਾਰੇ ਰਾਹੁਲ ਗਾਂਧੀ ਦੇ ਬਿਆਨ ਉਤੇ ਗੱਲ ਕਰਨ ਦੀ ਇਜਾਜ਼ਤ ਨਾ ਮਿਲਣ 'ਤੇ ਉਹ ਸਰਕਾਰ ਵਿਰੁਧ ਨਾਹਰੇਬਾਜ਼ੀ ਕਰਦੇ ਬਾਹਰ ਨਿਕਲ ਗਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਪੀਕਰ ਅੱਗੇ ਜਾ ਕੇ ਵੀ ਰੋਸ ਪ੍ਰਗਟ ਕੀਤਾ।