
ਵਿਧਾਨ ਸਭਾ ਵਿਚ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਮੰਗ ਕੀਤੀ ਕਿ ਬਾਦਲਾਂ ਨੂੰ ਫੜ ਕੇ ਜੇਲ੍ਹ ਵਿਚ ਸੁੱਟਿਆ ਜਾਵੇ
ਚੰਡੀਗੜ੍ਹ, ਵਿਧਾਨ ਸਭਾ ਵਿਚ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਮੰਗ ਕੀਤੀ ਕਿ ਬਾਦਲਾਂ ਨੂੰ ਫੜ ਕੇ ਜੇਲ੍ਹ ਵਿਚ ਸੁੱਟਿਆ ਜਾਵੇ ਅਤੇ ਉਨ੍ਹਾਂ ਨੂੰ ਫਾਹੇ ਲਾਇਆ ਜਾਵੇ। ਉਨ੍ਹਾਂ ਆਖਿਆ ਕਿ ਬਾਦਲਾਂ ਵਿਰੁਧ ਧਾਰਾ 302 ਦੇ ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸੁਖਬੀਰ ਬਾਦਲ ਨੇ ਧਰਮ ਦੀ ਬੋਲੀ ਲਗਾਈ। ਉਨ੍ਹਾਂ ਕਿਹਾ ਕਿ ਜਦੋਂ ਧਰਮ ਨੂੰ ਰੋਲਣ ਵਾਲੇ ਵੱਡੇ ਵੱਡੇ ਨਹੀਂ ਬਚੇ ਤਾਂ ਸੁਖਬੀਰ ਬਾਦਲ ਕਿਸ ਤਰ੍ਹਾਂ ਬਚ ਸਕੇਗਾ।
ਉਨ੍ਹਾਂ ਇਸ ਮੌਕੇ ਮੁੱਕਰੇ ਗਵਾਹ ਹਿੰਮਤ ਸਿੰਘ ਅਤੇ ਉਨ੍ਹਾਂ ਦੇ ਭਰਾ ਗਿਆਨੀ ਗੁਰਮੁਖ ਸਿੰਘ 'ਤੇ ਵੀ ਜਮ ਕੇ ਨਿਸ਼ਾਨਾ ਸਾਧਿਆ। ਗੁਰਮੁਖ ਸਿੰਘ ਅਤੇ ਉਸ ਦਾ ਭਰਾ ਹਿੰਮਤ ਸਿੰਘ ਕਿਹੜੀਆਂ ਖੇਡਾਂ ਖੇਡ ਰਹੇ ਹਨ, ਇਹ ਸਾਰੀ ਸਿੱਖ ਕੌਮ ਸਮਝ ਰਹੀ ਹੈ। ਉਨ੍ਹਾਂ ਇਨ੍ਹਾਂ ਸਾਰਿਆਂ ਦੀ ਤੁਲਨਾ ਠੱਗਾਂ ਨਾਲ ਕੀਤੀ। ਉਨ੍ਹਾਂ ਇਹ ਵੀ ਆਖਿਆ ਕਿ ਇਹ ਮਾਮਲਾ ਸੀਬੀਆਈ ਨੂੰ ਨਹੀਂ ਦੇਣਾ ਚਾਹੀਦਾ ਕਿਉਂਕਿ ਸੀਬੀਆਈ ਕੇਂਦਰ ਸਰਕਾਰ ਦੀ ਕਠਪੁਤਲੀ ਹੈ।
ਸਿੱਧੂ ਨੇ ਕਿਹਾ ਕਿ ਤੁਸੀਂ ਦੇਖੀ ਜਾਓ, ਮੈਂ ਇਨ੍ਹਾਂ ਸਾਰਿਆਂ ਦੇ ਵੱਟ ਕੱਢ ਦਿਉਂ। ਇਸ 'ਤੇ ਸਦਨ ਵਿਚ ਬੈਠੇ ਵਿਰੋਧੀ ਧਿਰ ਦੇ ਆਗੂ ਭੜਕ ਗਏ ਪਰ ਸਿੱਧੂ ਨੇ ਕਿਹਾ ਕਿ ਫੂਲਕਾ ਸਾਬ੍ਹ ਮੈਨੂੰ ਬੋਲਣ ਦਿਓ, ਮੈਂ ਤੁਹਾਨੂੰ ਵਿਚਾਲੇ ਨਹੀਂ ਰੋਕਿਆ, ਹੁਣ ਤੁਸੀਂ ਵੀ ਨਾ ਰੋਕੋ। ਜੇਕਰ ਮੈਥੋਂ ਕੋਈ ਗ਼ਲਤ ਬੋਲਿਆ ਗਿਆ ਤਾਂ ਮੈਨੂੰ ਮੁਆਫ਼ ਕਰ ਦਿਓ, ਮੈਂ ਤੁਹਾਡੇ ਤੋਂ ਛੋਟਾ ਹਾਂ ਪਰ ਮੈਨੂੰ ਬੋਲਣ ਦਿਓ। ਇਸ ਤੋਂ ਬਾਅਦ ਉਨ੍ਹਾਂ ਫਿਰ ਤੋਂ ਬੋਲਣਾ ਜਾਰੀ ਰੱਖਿਆ।
ਆਖ਼ਰ ਵਿਚ ਉਨ੍ਹਾਂ ਨੇ ਫਿਰ ਤੋਂ ਉਹ ਜੋ ਕੁੱਝ ਬੋਲ ਰਹੇ ਹਨ, ਅਪਣੀ ਰੂਹ ਤੋਂ ਬੋਲ ਰਹੇ ਹਨ ਕਿਉਂਕਿ ਰਾਤ ਉਹ ਸਾਰੀ ਸੌਂ ਨਹੀਂ ਸਕੇ। ਆਖ਼ਰ ਵਿਚ ਉਨ੍ਹਾਂ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦਿਆਂ ਆਖਿਆ ਕਿ ਹੁਣ ਸਭ ਕੁੱਝ ਤੁਹਾਡੇ 'ਤੇ ਛੱਡਿਆ ਕਿ ਇਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇ, ਬਲਕਿ ਮੈਂ ਕਹਾਂਗਾ ਕਿ ਇਨ੍ਹਾਂ ਨੂੰ ਫਾਹੇ ਲਾਇਆ ਜਾਵੇ।