
ਸਦਨ ਦੇ ਅੰਦਰ ਅਤੇ ਬਾਹਰ ਹਮਲਾਵਰ ਰਹੀ 'ਆਪ'
ਪੀਪੀਈ ਕਿੱਟਾਂ ਪਾ ਕੇ ਧਰਨੇ 'ਤੇ ਬੈਠੇ 'ਆਪ' ਵਿਧਾਇਕ
to
ਚੰਡੀਗੜ੍ਹ, 28 ਅਗੱਸਤ (ਨੀਲ ਭਲਿੰਦਰ ਸਿੰਘ) : ਪੰਜਾਬ ਵਿਧਾਨ ਸਭਾ ਦੇ ਇਕ-ਰੋਜ਼ਾ ਇਜਲਾਸ ਦੌਰਾਨ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਨੇ ਸਦਨ ਦੇ ਅੰਦਰ ਅਤੇ ਬਾਹਰ ਅਮਰਿੰਦਰ ਸਿੰਘ ਸਰਕਾਰ ਦੇ ਨਾਲ-ਨਾਲ ਅਕਾਲੀ-ਭਾਜਪਾ ਉੱਪਰ ਵੀ ਚੌਹਤਰਫਾ ਹਮਲਾ ਬੋਲਿਆ।
'ਆਪ' ਵਿਧਾਇਕਾਂ ਨੇ ਦੋਸ਼ ਲਗਾਇਆ ਕਿ ਸਰਕਾਰ ਅਤੇ ਸਪੀਕਰ ਨੇ ਜਿਥੇ ਮੁੱਖ ਵਿਰੋਧੀ ਧਿਰ (ਆਪ) ਨੂੰ ਖੱਜਲ-ਖ਼ੁਆਰ ਕਰਨ ਅਤੇ ਸਦਨ ਤੋਂ ਦੂਰ ਰੱਖਣ ਲਈ ਹੱਦੋਂ ਵੱਧ ਜ਼ੋਰ ਲਗਾਇਆ, ਉੱਥੇ ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਆਰਡੀਨੈਂਸਾਂ ਅਤੇ ਕੇਂਦਰੀ ਬਿਜਲੀ ਸੋਧ ਬਿਲ-2020 ਬਾਰੇ ਦੋਗਲਾ ਸਟੈਂਡ ਰੱਖਣ ਵਾਲੇ ਅਕਾਲੀ ਦਲ (ਬਾਦਲ) ਨੂੰ ਸਦਨ ਅੰਦਰ ਨਮੋਸ਼ੀ ਤੋਂ ਬਚਾਉਣ ਲਈ 'ਭੀੜੀ ਗਲੀ' ਰਾਹੀਂ ਖਿਸਕਣ ਦਾ ਮੌਕਾ ਦਿਤਾ।
'ਆਪ' ਨੇ ਸਭ ਤੋਂ ਪਹਿਲਾ ਹਮਲਾ ਉਦੋਂ ਬੋਲਿਆ ਜਦੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਸਰਕਾਰੀ ਰਿਹਾਇਸ਼ ਉੱਤੇ ਭਾਰੀ ਗਿਣਤੀ 'ਚ ਪੁਲਸ ਤਾਇਨਾਤ ਕਰ ਦਿੱਤੀ। ਚੀਮਾ ਵੱਲੋਂ ਸੱਦੇ ਗਏ ਮੀਡੀਆ ਦੀ ਹਾਜ਼ਰੀ ਕਾਰਨ ਪੁਲਸ ਦੀ ਘੇਰਾਬੰਦੀ ਢਿੱਲੀ ਪਈ ਅਤੇ ਚੀਮਾ, ਵਿਰੋਧੀ ਧਿਰ ਦੇ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਅਮਨ ਅਰੋੜਾ, ਮੀਤ ਹੇਅਰ, ਜੈ ਸਿੰਘ ਰੋੜੀ ਅਤੇ ਮਾਸਟਰ ਬਲਦੇਵ ਸਿੰਘ ਪੀਪੀਈ ਕਿੱਟਾਂ ਪਹਿਨ ਕੇ ਪੰਜਾਬ ਵਿਧਾਨ ਸਭਾ ਦੇ ਪ੍ਰਵੇਸ਼ ਦੁਆਰ ਤੱਕ ਪਹੁੰਚ ਗਏ ਜਿਥੇ ਉਨ੍ਹਾਂ ਨੂੰ ਰੋਕ ਲਿਆ ਗਿਆ ਅਤੇ
ਉਹ ਗੇਟ 'ਤੇ ਹੀ ਧਰਨਾ ਲੱਗਾ ਕੇ ਬੈਠ ਗਏ। ਸਿਰਫ਼ ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਨੂੰ ਪ੍ਰੇਵਸ਼ ਦੀ ਇਜਾਜ਼ਤ ਦਿੱਤੀ ਗਈ। ਕਾਫ਼ੀ ਬਹਿਸ ਉਪਰੰਤ ਅਮਨ ਅਰੋੜਾ, ਜੈ ਸਿੰਘ ਰੋੜੀ ਅਤੇ ਮਾਸਟਰ ਬਲਦੇਵ ਸਿੰਘ ਨੂੰ ਤਾਂ ਇਜਾਜ਼ਤ ਦੇ ਦਿੱਤੀ ਪਰੰਤੂ ਚੀਮਾ, ਮਾਣੂੰਕੇ ਅਤੇ ਹੇਅਰ ਵੱਲੋਂ ਆਪਣੇ ਕੋਰੋਨਾ ਟੈੱਸਟ ਨੈਗੇਟਿਵ ਅਤੇ ਬਿਜ਼ਨਸ ਅਡਵਾਇਜਰੀ ਕਮੇਟੀimage (ਬੀਏਸੀ) ਦਾ ਤਾਜ਼ਾ ਸੱਦਾ ਪੱਤਰ ਦਿਖਾਏ ਜਾਣ ਦੇ ਬਾਵਜੂਦ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਜਿਸ ਉਪਰੰਤ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਬੀਬੀ ਮਾਣੂੰਕੇ ਅਤੇ ਮੀਤ ਹੇਅਰ ਪੀਪੀਈ ਕਿੱਟਾਂ ਪਹਿਨੇ ਹੋਏ ਓਨੀ ਦੇਰ ਪੰਜਾਬ ਭਵਨ ਜਿਸ ਨੂੰ ਸਰਕਾਰ ਨੇ ਵਿਧਾਨ ਸਭਾ ਦੀ ਵਿਸਥਾਰਤ ਇਮਾਰਤ ਦਾ ਵਿਸ਼ੇਸ਼ ਰੁਤਬਾ ਦਿੱਤਾ ਹੋਇਆ ਸੀ, ਮੂਹਰੇ ਧਰਨੇ 'ਤੇ ਬੈਠੇ ਰਹੇ ਜਿੰਨੀ ਦੇਰ ਸੈਸ਼ਨ ਖ਼ਤਮ ਕਰਕੇ ਬਾਕੀ ਸਾਥੀ ਵਿਧਾਇਕ ਉਨ੍ਹਾਂ ਨਾਲ ਧਰਨੇ 'ਤੇ ਨਹੀਂ ਆ ਬੈਠੇ।