
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਵੱਲੋਂ 28 ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਵੱਲੋਂ 28 ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਜਿਨ੍ਹਾਂ ਵਿੱਚ ਆਜ਼ਾਦੀ ਘੁਲਾਟੀਏ, ਗਲਵਾਨ ਘਾਟੀ 'ਚ ਹੋਏ ਸ਼ਹੀਦ ਤੇ ਰਾਜਨੀਤਿਕ ਸਖਸ਼ੀਅਤਾਂ ਤੋਂ ਇਲਾਵਾ ਕੋਰੋਨਾ ਯੋਧੇ ਸ਼ਾਮਿਲ ਹਨ, ਜੋ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਤੋਂ ਬਾਅਦ ਅਕਾਲ ਚਲਾਣਾ ਕਰ ਗਏ।
Captain Amarinder Singh
15ਵੀਂ ਵਿਧਾਨ ਸਭਾ ਦੇ ਇੱਕ ਰੋਜ਼ਾ ਸੈਸ਼ਨ ਦੀ ਪਹਿਲੀ ਬੈਠਕ ਦੌਰਾਨ ਸਦਨ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਗੁਰਦਾਸ ਸਿੰਘ ਬਾਦਲ, ਹਰਮਿੰਦਰ ਕੌਰ (ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮਾਤਾ), ਸਾਬਕਾ ਵਿਧਾਇਕ ਚੇਤੰਨ ਸਿੰਘ ਸਮਾਓ, ਸਾਬਕਾ ਰਾਜ ਮੰਤਰੀ ਹਰੀ ਸਿੰਘ ਜ਼ੀਰਾ ਅਤੇ ਜਸਟਿਸ (ਸੇਵਾ ਮੁਕਤ) ਸਤਪਾਲ ਬੰਗੜ ਨੂੰ ਸ਼ਰਧਾਂਜਲੀ ਦਿੱਤੀ ਗਈ।
Captain Amarinder Singh
ਹਾਊਸ ਵੱਲੋਂ ਮਹਾਨ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ, ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਨਾਲ-ਨਾਲ ਸ਼ਹੀਦ ਸੈਨਿਕਾਂ ਨਾਇਬ ਸੂਬੇਦਾਰ ਮਨਦੀਪ ਸਿੰਘ, ਨਾਇਬ ਸੂਬੇਦਾਰ ਸਤਨਾਮ ਸਿੰਘ, ਨਾਇਕ ਰਾਜੇਸ਼ ਕੁਮਾਰ, ਨਾਇਕ ਰਾਜਵਿੰਦਰ ਸਿੰਘ, ਨਾਇਕ ਸਲੀਮ ਖਾਨ, ਨਾਇਕ ਗੁਰਚਰਨ ਸਿੰਘ, ਸਿਪਾਹੀ ਗੁਰਬਿੰਦਰ ਸਿੰਘ, ਸਿਪਾਹੀ ਲਖਵੀਰ ਸਿੰਘ ਅਤੇ ਸਿਪਾਹੀ ਗੁਰਤੇਜ ਸਿੰਘ ਨੂੰ ਭਾਵਪੂਰਨ ਸ਼ਰਧਾਂਜਲੀ ਦਿੱਤੀ ਗਈ।
photo
ਸਦਨ ਵੱਲੋਂ ਆਜ਼ਾਦੀ ਘੁਲਾਟੀਆਂ ਸੁੱਚਾ ਸਿੰਘ, ਪਿਆਰਾ ਸਿੰਘ, ਤਖ਼ਤ ਸਿੰਘ, ਅਜੀਤ ਸਿੰਘ, ਵਰਿਆਮ ਸਿੰਘ, ਸੰਤੋਖ ਸਿੰਘ ਅਤੇ ਦਲੀਪ ਸਿੰਘ ਨੂੰ ਯਾਦ ਕੀਤਾ ਗਿਆ।ਸਦਨ ਵੱਲੋਂ ਨਾਮਵਾਰ ਕਲਾਕਾਰ ਸਤੀਸ਼ ਗੁਜਰਾਲ ਅਤੇ ਇੰਜਨੀਅਰ ਜਸਵੰਤ ਸਿੰਘ ਗਿੱਲ ਨੂੰ ਸ਼ਰਧਾਂਜਲੀ ਦਿੱਤੀ ਗਈ। ਵਿਧਾਨ ਸਭਾ ਵੱਲੋਂ ਧਾਰਮਿਕ ਆਗੂ ਆਚਰਿਆ ਮਹਾਂਪ੍ਰਗਿਆ ਅਤੇ ਸੁਰਿੰਦਰ ਡੋਗਰਾ (ਵਿਧਾਇਕ ਅਰੁਣ ਡੋਗਰਾ ਦੇ ਮਾਤਾ) ਨੂੰ ਯਾਦ ਕੀਤਾ ਗਿਆ।
photo
ਸਦਨ ਵੱਲੋਂ ਉਨ੍ਹਾਂ ਵਿਅਕਤੀਆਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ, ਜਿਨ੍ਹਾਂ ਦੀ ਕੋਰੋਨਾ ਮਹਾਂਮਾਰੀ ਕਾਰਨ ਜਾਨ ਗਈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਬੇਨਤੀ ਉਪਰ ਮੂਹਰਲੀ ਕਤਾਰ ਦੇ ਕੋਵਿਡ ਯੋਧਿਆਂ ਦੇ ਨਾਮ ਵੀ ਸੂਚੀ ਵਿੱਚ ਸ਼ਾਮਿਲ ਕੀਤੇ ਗਏ, ਜਿਨ੍ਹਾਂ ਨੇ ਇਸ ਮਹਾਂਮਾਰੀ ਖਿਲਾਫ਼ ਲੜਦਿਆਂ ਆਪਣੀ ਡਿਊਟੀ ਨਿਭਾਉਂਦਿਆਂ ਜਾਨਾਂ ਕੁਰਬਾਨ ਕੀਤੀਆਂ।
Doctors
ਆਪ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਬੇਨਤੀ 'ਤੇ ਸਾਹਿਤਕਾਰ ਬਲਦੇਵ ਸਿੰਘ ਦਾ ਨਾਮ ਸ਼ਰਧਾਂਜਲੀਆਂ ਵਾਲੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।ਇਸ ਮੌਕੇ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਸਤਿਕਾਰ ਵੱਜੋਂ 2 ਮਿੰਟ ਦਾ ਮੌਨ ਧਾਰਿਆ ਗਿਆ। ਇਸ ਦੌਰਾਨ ਸਪੀਕਰ ਰਾਣਾ ਕੰਵਰ ਪਾਲ ਸਿੰਘ ਵੱਲੋਂ ਉਨ੍ਹਾਂ ਮੈਂਬਰਾਂ ਨੂੰ ਸ਼ਰਧਾਂਜਲੀ ਦਾ ਪ੍ਰਸਤਾਵ ਪੇਸ਼ ਕੀਤਾ ਗਿਆ, ਜੋ ਪਿਛਲੇ ਸੈਸ਼ਨ ਤੋਂ ਬਾਅਦ ਅਕਾਲ ਚਲਾਣਾ ਕਰ ਗਏ।
ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਉਪਰੰਤ ਸਬੰਧਤ ਪਰਿਵਾਰਾਂ ਨੂੰ ਸਦਨ ਵੱਲੋਂ ਪ੍ਰਗਟਾਏ ਸ਼ੋਕ ਬਾਰੇ ਜਾਣੂੰ ਕਰਵਾਉਣ ਲਈ ਮਤਾ ਪਾਸ ਕੀਤਾ ਗਿਆ।ਇਹ ਮਤਾ ਜ਼ੁਬਾਨੀ ਵੋਟ ਨਾਲ ਪਾਸ ਕੀਤਾ ਗਿਆ।ਮੁੱਖ ਮੰਤਰੀ ਦਫਤਰ, ਪੰਜਾਬ