
ਪੰਜਾਬ ਦੀਆਂ ਆਂਗਨਵਾੜੀਆਂ ਦੀ ਬਦਲੇਗੀ ਨੁਹਾਰ
ਮਾਡਲ ਕੇਂਦਰਾਂ ’ਚ ਤਬਦੀਲ ਹੋਣਗੇ ਆਂਗਨਵਾੜੀ ਕੇਂਦਰ : ਅਰੁਨਾ ਚੌਧਰੀ
ਚੰਡੀਗੜ੍ਹ, 27 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਹੈ ਕਿ ਸੂਬੇ ਦੇ ਆਂਗਨਵਾੜੀ ਕੇਂਦਰਾਂ ਨੂੰ ਮਾਡਲ ਆਂਗਨਵਾੜੀ ਕੇਂਦਰਾਂ ਵਿਚ ਬਦਲਿਆ ਜਾਵੇਗਾ ਜਿਸ ਵਿਚ ਆਧੁਨਿਕ ਫ਼ਰਨੀਚਰ ਦੇ ਨਾਲ-ਨਾਲ ਵਾਲ ਪੇਂਟਿੰਗਾਂ ਰਾਹੀਂ ਬੱਚਿਆਂ ਨੂੰ ਸਿਖਿਅਤ ਕਰਨ ਉੱਤੇ ਜ਼ੋਰ ਦਿਤਾ ਜਾਵੇਗਾ।
ਉਨ੍ਹਾਂ ਦਸਿਆ ਕਿ ਹੁਸ਼ਿਆਰਪੁਰ ਦੇ 100 ਫ਼ੀ ਸਦੀ ਆਂਗਨਵਾੜੀ ਕੇਂਦਰਾਂ ਵਿਚ ਇੱਕ ਸਰਵੇਖਣ ਕਰਵਾ ਕੇ ਉਥੋਂ ਦੀਆਂ ਲੋੜਾਂ ਬਾਰੇ ਜਾਣਿਆ ਗਿਆ ਹੈ। ਇਸ ਉਪਰੰਤ ਸਾਰੇ ਪੰਜਾਬ ਵਿਚ ਇਹ ਸਰਵੇਖਣ ਕਰਵਾਇਆ ਜਾਵੇਗਾ, ਜਿਸ ਮੁਤਾਬਕ ਆਂਗਨਵਾੜੀ ਕੇਂਦਰਾਂ ਵਿਚ ਲੋੜੀਂਦਾ ਸਾਮਾਨ ਮੁਹਈਆ ਕੀਤਾ ਜਾਵੇਗਾ।
ਇਥੇ ਪੰਜਾਬ ਭਵਨ ਵਿਖੇ ਆਂਗਨਵਾੜੀ ਮੁਲਾਜ਼ਮ ਜਥੇਬੰਦੀਆਂ ਨਾਲ ਆਂਗਨਵਾੜੀ ਕੇਂਦਰਾਂ ਦੀ ਨੁਹਾਰ ਬਦਲਣ ਬਾਰੇ ਹੋਏ ਵਿਚਾਰ-ਵਟਾਂਦਰੇ ਦੌਰਾਨ ਕੈਬਨਿਟ ਮੰਤਰੀ ਨੇ ਆਖਿਆ ਕਿ ਜਿਹੜੇ ਆਂਗਨਵਾੜੀ ਕੇਂਦਰ ਕਿਰਾਏ ਦੀਆਂ ਇਮਾਰਤਾਂ ਜਾਂ ਹੋਰ ਥਾਵਾਂ ਉਤੇ ਚਲ ਰਹੇ ਹਨ, ਉਨ੍ਹਾਂ ਨੂੰ ਜਲਦੀ ਅਪਣੀਆਂ ਇਮਾਰਤਾਂ ਵਿਚ ਤਬਦੀਲ ਕੀਤਾ ਜਾਵੇਗਾ ਤਾਕਿ ਸਾਡੇ ਬੱਚੇ ਸੁਰੱਖਿਅਤ ਮਾਹੌਲ ਵਿਚ ਰਹਿ ਸਕਣ।
ਆਂਗਨਵਾੜੀ ਕੇਂਦਰ ਜਲਦੀ ਖੋਲ੍ਹਣ ਦੇ ਮੁੱਦੇ ਉਤੇ ਉਨ੍ਹਾਂ ਆਖਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਇਹ ਕੇਂਦਰ ਬੱਚਿਆਂ ਲਈ ਬੰਦ ਕੀਤੇ ਗਏ ਸਨ। ਜਿਵੇਂ ਹੀ ਸਿਹਤ ਵਿਭਾਗ ਦੀਆਂ ਹਦਾਇਤਾਂ ਮਿਲ ਜਾਣਗੀਆਂ, ਉਵੇਂ ਹੀ ਆਂਗਨਵਾੜੀ ਕੇਂਦਰ ਬੱਚਿਆਂ ਲਈ ਖੋਲ੍ਹ ਦਿਤੇ ਜਾਣਗੇ।