
ਪ੍ਰਨੀਤ ਕੌਰ ਨੂੰ ਅਗਲੀ ਵਾਰ ਨਹੀਂ ਬਣਾਇਆ ਜਾਵੇਗਾ ਪਟਿਆਲਾ ਤੋਂ ਕਾਂਗਰਸ ਦਾ ਉਮੀਦਵਾਰ
ਪਟਿਆਲਾ - ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਤੇ ਸਾਂਸਦ ਪ੍ਰਨੀਤ ਕੌਰ 'ਤੇ ਸ਼ਬਦੀ ਵਾਰ ਕੀਤਾ ਹੈ। ਪ੍ਰਤਾਪ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਚੁਣੌਤੀ ਦਿੱਤੀ ਹੈ। ਬਾਜਵਾ ਨੇ ਕਿਹਾ ਕਿ ਜੇਕਰ ਉਨ੍ਹਾਂ ਵਿਚ ਆਤਮ-ਸਨਮਾਨ ਹੈ ਤਾਂ ਸੰਸਦ ਦਾ ਅਹੁਦਾ ਛੱਡ ਦੇਣ। ਪ੍ਰਨੀਤ ਹੁਣ ਕਾਂਗਰਸ ਵਿਚ ਨਹੀਂ ਹੈ। ਮੈਂ ਦਿੱਲੀ ਦੇ ਨੇਤਾਵਾਂ ਨਾਲ ਗੱਲ ਕੀਤੀ ਹੈ ਉਹਨਾਂ ਨੂੰ ਪਾਰਟੀ ਵੱਲੋਂ ਅਗਲੀ ਵਾਰ ਪਟਿਆਲਾ ਤੋਂ ਉਮੀਦਵਾਰ ਨਹੀਂ ਬਣਾਇਆ ਜਾਵੇਗਾ, ਅਸੀਂ ਅਪਣਾ ਉਮੀਦਵਾਰ ਕਿਸੇ ਹੋਰ ਨੂੰ ਬਣਾਵਾਂਗੇ।
Preneet Kaur, Captain Amarinder Singh
ਪ੍ਰਤਾਪ ਬਾਜਵਾ ਨੇ ਇਹ ਬਿਆਨ ਕੈਪਟਨ ਅਮਰਿੰਦਰ ਵੱਲੋਂ ਗੁਲਾਮ ਨਬੀ ਆਜ਼ਾਦ ਦੇ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਨੂੰ ਕੋਸਣ ਦੇ ਸਵਾਲ 'ਤੇ ਦਿੱਤਾ ਹੈ।
ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਤੋਂ ਬਿਨਾਂ ਕੁਝ ਵੀ ਨਹੀਂ ਹੈ। ਉਹ ਹਮੇਸ਼ਾ ਪਟਿਆਲਾ ਤੋਂ ਕਾਂਗਰਸ ਦੀ ਬਦੌਲਤ ਜਿੱਤਦੇ ਸਨ। ਜਦੋਂ ਹੁਣ ਉਹ ਇਕੱਲੇ ਚੋਣ ਲੜੇ ਤਾਂ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ।
Partap Bajwa
ਪਟਿਆਲਾ ਪਹੁੰਚੇ ਪ੍ਰਤਾਪ ਬਾਜਵਾ ਨੇ ਵੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਬਾਜਵਾ ਨੇ ਸੀਐਮ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਵਿਚ ਹਿੰਮਤ ਹੈ ਤਾਂ ਕੈਪਟਨ ਖਿਲਾਫ਼ ਕਰੋੜਾਂ ਦੇ ਘਪਲੇ ਦੀ ਜਾਂਚ ਕਰਕੇ ਦਿਖਾਉਣ। ਇਸ ਦੇ ਨਾਲ ਹੀ ਪ੍ਰਤਾਪ ਬਾਜਵਾ ਨੇ ਸਵਾਲ ਉਠਾਇਆ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਕਿੱਥੋਂ ਮਿਲੇਗਾ? ਤਿਹਾੜ ਜੇਲ੍ਹ, ਜਿਸ ਦੇ ਅੰਦਰ ਲਾਰੈਂਸ ਨੇ ਸਾਰੀ ਸਾਜ਼ਿਸ਼ ਰਚੀ ਸੀ, ਸਿੱਧੇ ਤੌਰ 'ਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੇ ਅਧੀਨ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੀ ਇਸ ਵਿਚ ਕੋਈ ਭੂਮਿਕਾ ਨਹੀਂ ਹੈ। ਇਹ ਲੋਕ ਮੂਸੇਵਾਲਾ ਦੇ ਕਤਲ ਦਾ ਮਾਮਲਾ ਠੰਡਾ ਕਰਨਾ ਚਾਹੁੰਦੇ ਹੋ।