
ਕੁੱਝ ਸਾਲ ਪਹਿਲਾਂ ਨਸ਼ਿਆਂ ਕਾਰਨ ਗਵਾਈ ਸੀ ਪੰਜਾਬ ਪੁਲਿਸ ਦੀ ਨੌਕਰੀ
ਬਰਨਾਲਾ: ਜ਼ਿਲ੍ਹੇ ਦੇ ਨੌਜਵਾਨ ਕਬੱਡੀ ਖਿਡਾਰੀ ਦੀ ਚਿੱਟੇ ਕਾਰਨ ਮੌਤ ਹੋ ਗਈ। ਨੌਜਵਾਨ ਦੀ ਲਾਸ਼ ਬਰਨਾਲਾ ਦੇ ਨੇੜਲੇ ਪਿੰਡ ਸੰਘੇੜਾ ਦੇ ਸ਼ਮਸ਼ਾਨਘਾਟ ਵਿਚੋਂ ਮਿਲੀ। ਮਿਲੀ ਜਾਣਕਾਰੀ ਅਨੁਸਾਰ 26 ਸਾਲਾ ਹਰਪ੍ਰੀਤ ਸਿੰਘ ਉਰਫ਼ ਹੈਪੀ ਕਬੱਡੀ ਦਾ ਵਧੀਆ ਖਿਡਾਰੀ ਸੀ। ਸਾਲ 2016 ’ਚ ਉਹ ਪੰਜਾਬ ਪੁਲਿਸ ’ਚ ਭਰਤੀ ਹੋਇਆ। ਨਸ਼ੇ ਦਾ ਆਦੀ ਹੋਣ ਕਾਰਨ ਹਰਪ੍ਰੀਤ ਡਿਊਟੀ ਤੋਂ ਗੈਰਹਾਜ਼ਰ ਰਹਿੰਦਾ ਸੀ, ਜਿਸ ਕਾਰਨ ਉਸ ਦੀ ਨੌਕਰੀ ਵੀ ਚਲੀ ਗਈ।
ਇਹ ਵੀ ਪੜ੍ਹੋ: ਗਿਆਨੀ ਜਗਤਾਰ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਪ੍ਰਵਾਰ ਨੇ ਉਸ ਨੂੰ ਨਸ਼ਾ ਛੁਡਾਉਣ ਲਈ ਤਿੰਨ ਵਾਰ ਨਸ਼ਾ ਛਡਾਊ ਕੇਂਦਰ ’ਚ ਵੀ ਦਾਖਲ ਕਰਵਾਇਆ ਪਰ ਉਹ ਇਸ ਦਲਦਲ ਵਿਚੋਂ ਨਹੀਂ ਨਿਕਲ ਸਕਿਆ। ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਪਿਤਾ ਧਨੌਲਾ ਦੇ ਬੱਸ ਅੱਡੇ ’ਤੇ ਸਵਾਰੀਆਂ ਨੂੰ ਬੱਸ ਚੜ੍ਹਨ ਲਈ ਹੋਕਾ ਦਿੰਦਾ ਹੈ। ਪੁਲਿਸ ਨੇ ਪ੍ਰਵਾਰ ਦੇ ਬਿਆਨ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪ੍ਰਵਾਰ ਹਵਾਲੇ ਕਰ ਦਿਤੀ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਮ੍ਰਿਤਕ ਦੇ ਪ੍ਰਵਾਰ ਦੀ ਮਾਲੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਦੀ ਆਰਥਕ ਮਦਦ ਕੀਤੀ ਜਾਵੇ।