
ਬੇਅਦਬੀ ਦੇ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਦੀ ਕੀਤੀ ਮੰਗ
Amritsar News: ਸਾਬਕਾ ਅਕਾਲੀ ਆਗੂ ਰਾਜਿੰਦਰ ਕੌਰ ਮੀਮਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਕ ਚਿੱਠੀ ਸੌਂਪੀ ਹੈ। ਜਿਸ ਵਿੱਚ ਉਨ੍ਹਾਂ ਸਿੰਘ ਸਾਹਿਬਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੇ ਚਿੱਠੀ ਵਿੱਚ ਲਿਖਿਆ ਅਜਿਹੀਆਂ ਘਟਨਾਵਾਂ ਸਿੱਖ ਸੰਗਤ ਨੂੰ ਠੇਸ ਪਹੁੰਚਦੀ ਹੈ। ਰਾਜਿੰਦਰ ਕੌਰ ਨੇ ਚਿੱਠੀ ਵਿੱਚ ਇਹ ਲ਼ਿਖਿਆ ਹੈ -
"ਮੈਂ ਰਾਜਿੰਦਰ ਕੌਰ ਮੀਮਸਾ (ਸਾਬਕਾ ਮੁੱਖ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ,ਇਸਤਰੀ ਵਿੰਗ) ਇੱਕ ਨਿਮਾਈ ਸਿੱਖ ਹੋਣ ਦੇ ਨਾਤੇ ਆਪਜੀ ਨੂੰ ਸਤਿਕਾਰ ਸਹਿਤ ਬੇਨਤੀ ਕਰ ਰਹੀ ਹਾਂ ਕਿ ਮਿਤੀ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਨ, ਇਤਰਾਜ਼ਯੋਗ ਪੋਸਟਰ ਕੰਧਾਂ ਤੇ ਲਾਉਣ ਅਤੇ ਅੰਗ ਗਲੀਆਂ ਵਿੱਚ ਖਿਲਾਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਰਸ਼ ਧੂਰੀ, ਡੇਰਾ ਸੱਚਾ ਸੌਦਾ ਦੀ ਸੁਪਰੀਮ ਛੇ ਮੈਂਬਰੀ ਕਮੇਟੀ ਦਾ ਮੈਂਬਰ ਅਤੇ ਜਗਜੀਤ ਸਿੰਘ ਬਾਲਿਆਂਵਾਲੀ, ਮੁੱਖੀ ਪ੍ਰਬੰਧਕੀ ਬਲਾਕ,ਡੇਰਾ ਸੱਚਾ ਸੌਦਾ ਸਿਰਸਾ ਨਾਲ, ਸੰਘਰਸ਼ਾਂ ਵਿੱਚੋਂ ਪੈਦਾ ਹੋਈ, ਸਿੱਖ ਸਿਧਾਤਾਂ ਨੂੰ ਪ੍ਰਣਾਈ ਅਤੇ ਸਿੱਖ ਕੌਮ ਦੀ ਨੁਮਾਇੰਦਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਨੂੰ ਉਹਨਾਂ ਦੀ ਰਹਾਇਸ਼-12 ਸਫਦਰਜੰਗ ਰੋਡ, ਦਿੱਲੀ ਵਿਖੇ ਆਪਣੀਆਂ ਅੱਖਾਂ ਨਾਲ ਮਿਲਦੇ ਦੇਖਿਆ ਹੈ। ਜਦੋਂ ਮੈਨੂੰ ਇਹ ਜਾਣਕਾਰੀ ਪ੍ਰਾਪਤ ਹੋਈ ਕਿ ਇਹ ਡੇਰਾ ਪ੍ਰੇਮੀ ਹਰਸ਼ ਧੂਰੀ ਵੱਲੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਸੀ ਤਾਂ ਮੇਰੇ ਮਨ ਅੰਦਰੋਂ ਮੈਨੂੰ ਲਾਹਨਤਾਂ ਪੈ ਰਹੀਆਂ ਸਨ ਅਤੇ ਮੇਰੀ ਆਤਮਾ ਮੈਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸੱਚ ਸਾਹਮਣੇ ਲਿਆਉਣ ਲਈ ਲਗਾਤਾਰ ਪ੍ਰੇਰ ਰਹੀ ਸੀ ਜਿਸ ਕਾਰਨ ਮੈਂ ਆਪਣੀ ਜ਼ਮੀਰ ਦੀ ਅਵਾਜ਼ ਸੁਣਦੇ ਹੋਏ ਮਿਤੀ 13 ਨਵੰਬਰ 2021 ਨੂੰ ਆਪਣੇ ਅਹੁੱਦੇ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ,ਅਸਤੀਫ਼ਾ ਦੇਣ ਦਾ ਕਾਰਨ ਮੈਂ ਇੱਕ ਵੀਡੀਓ ਆਪਣੇ ਫੇਸਬੁੱਕ ਅਕਾਊਂਟ ਤੇ ਅੱਪਲੋਡ ਕਰਕੇ ਅਤੇ ਲਿਖਤੀ ਲਿਖੇ ਅਸਤੀਫੇ ਰਾਹੀਂ ਦੱਸਿਆ ਸੀ।(ਕਾਪੀ ਨੱਥੀ) ਮੇਰੇ ਵੱਲੋਂ ਅਸਤੀਫ਼ਾ ਦੇਣ ਅਤੇ ਉਕਤ ਖੁਲਾਸੇ ਕਰਨ ਤੋਂ ਬਾਅਦ ਮੈਨੂੰ ਡਰਾਇਆ ਧਮਕਾਇਆ ਗਿਆ ਅਤੇ ਮੇਰੇ ਤੇ ਇਹ ਦੋਸ਼ ਲਗਾਏ ਗਏ ਕਿ ਬੀਬੀ ਰਾਜਿੰਦਰ ਕੌਰ ਮੀਮਸਾ ਕਿਸੇ ਹੋਰ ਪਾਰਟੀ ਦੇ ਬਹਿਕਾਵੇ ਵਿੱਚ ਆ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਝੂਠੀ ਬਿਆਨਬਾਜ਼ੀ ਕਰ ਰਹੀ ਹੈ, ਇਸ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਮੇਰੇ ਘਰ ਆ ਕੇ ਮੇਰੇ ਪਰਿਵਾਰਕ ਮੈਂਬਰਾਂ ਰਾਹੀਂ ਵੀ ਮੇਰੇ ਉੱਤੇ ਚੁੱਪ ਰਹਿਣ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਮੈਂ ਹਰ ਸੰਭਵ ਯਤਨ ਕਰਦੀ ਰਹੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਜਲਦ ਫੜੇ ਜਾਣ।
ਲੋਕਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਈ ਵੱਡੀ ਹਾਰ ਤੋਂ ਬਾਅਦ ਅਚਾਨਕ ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤ ਹੋ ਗਈ ਅਤੇ ਜੋ ਕੁੱਝ ਮੈਂ ਤਿੰਨ ਸਾਲ ਪਹਿਲਾਂ ਕਿਹਾ ਸੀ, ਉਹ ਸਭ ਕੁੱਝ ਬਾਗੀ ਹੋਏ ਅਕਾਲੀ ਆਗੂਆਂ ਨੇ ਕਹਿ ਕੇ, ਮੇਰੇ ਵੱਲੋਂ ਦਿੱਤੇ ਬਿਆਨਾਂ ਨੂੰ ਤਸਦੀਕ ਕਰ ਦਿੱਤਾ ਹੈ। ਉਸ ਤੋਂ ਬਾਅਦ ਇੱਕ ਹੋਰ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੇ ਮੀਡੀਆ ਸਾਹਮਣੇ ਬਿਆਨ ਦੇ ਕੇ ਮੇਰੀ ਅਤੇ ਬਾਗੀ ਅਕਾਲੀ ਆਗੂਆਂ ਦੀ ਸ਼ਕਾਇਤ ਜਾਂ ਉਸ ਸੱਚ ਨੂੰ, ਜਿਹੜਾ ਬੇਅਦਬੀ ਦੇ ਦੋਸ਼ੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਮੀਟਿੰਗਾਂ ਨੂੰ ਸਾਬਿਤ ਕਰਦਾ ਹੈ, ਸਿੱਧ ਕਰ ਦਿੱਤਾ ਹੈ। ਇਸ ਸਬੰਧੀ ਪੰਜ ਸਿੰਘ ਸਾਹਿਬਾਨਾਂ ਵੱਲੋਂ ਕੁੱਝ ਦਿਨ ਬਾਅਦ ਕੋਈ ਨਿਰਣਾ ਲਿਆ ਜਾਣਾ ਹੈ। ਮੈਂ ਸ੍ਰੀ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣਕੇ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਮੈਂ ਜੋ ਕੁੱਝ ਸਾਲ 2021 ਵਿੱਚ ਬੋਲਿਆ ਜਾਂ ਅੱਜ ਜੋ ਲਿਖਤੀ ਪੱਤਰ ਆਪ ਜੀ ਨੂੰ ਦੇ ਰਹੀ ਹਾਂ, ਇਹ ਮੇਰੀ ਇੱਕ ਸਿੱਖ ਹੋਣ ਦੇ ਨਾਤੇ ਭਾਵਨਾਂ ਅਤੇ ਫਰਜ਼ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਜਾਂ ਉਹਨਾਂ ਨਾਲ ਮਿਲਣ ਵਾਲਿਆਂ ਜਾਂ ਉਹਨਾਂ ਦੀ ਮਦਦ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਹੋ ਸਕੇ। ਮੈਂ ਇਹ ਵੀ ਸਪਸ਼ਟ ਕਰਦੀ ਹਾਂ ਕਿ ਬੇਸ਼ੱਕ ਮੈਂ ਇੱਕ ਰਾਜਨੀਤਿਕ ਆਗੂ ਹਾਂ ਪ੍ਰੰਤੂ ਉਸ ਤੋਂ ਪਹਿਲਾਂ ਮੈਂ ਇੱਕ ਸਿੱਖ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੇ ਮੇਰੇ ਹਿਰਦੇ ਨੂੰ ਵੀ ਗਹਿਰੀ ਠੇਸ ਪਹੁੰਚਾਈ ਹੈ। ਇਸ ਕਰਕੇ ਮੈਂ ਜੋ ਕੁੱਝ ਕਹਿ ਰਹੀ ਹਾਂ ਆਪਣਾ ਨੈਤਿਕ ਅਤੇ ਕੌਮੀ ਫਰਜ਼ ਸਮਝਕੋ ਬਿਆਨ ਕਰ ਰਹੀ ਹਾਂ। ਆਪ ਜੀ ਨੂੰ ਬੇਨਤੀ ਹੈ ਕਿ ਮੈਨੂੰ ਕਿਸੇ ਧੜੇ ਵਿੱਚ ਖੜ੍ਹੇ ਕਰਕੇ ਨਾ ਦੇਖਿਆ ਜਾਵੇ। ਮੇਰੀ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਦੁਸ਼ਮਈ ਨਹੀਂ ਹੈ, ਨਾ ਹੀ ਜਾਤੀ ਤੌਰ ਤੇ ਸ.ਸੁਖਬੀਰ ਸਿੰਘ ਬਾਦਲ ਦਾ ਕੋਈ ਵਿਰੋਧ ਹੈ, ਨਾ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਲੋਕਾਂ ਨਾਲ ਕੋਈ ਸਾਂਝ ਹੈ ਅਤੇ ਨਾ ਹੀ ਮੈਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਯਾਦਾ ਵਿੱਚ ਕੋਈ ਦਖਲ ਦੇਣ ਦੀ ਮਨਸ਼ਾ ਰੱਖਦੀ ਹਾਂ, ਪ੍ਰੰਤੂ ਮੈਂ ਇਹ ਜ਼ਰੂਰ ਮਹਿਸੂਸ ਕਰਦੀ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਮੀਰੀ ਪੀਰੀ ਦੇ ਸਿਧਾਂਤਾਂ ਵਾਲੀ ਪਾਰਟੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੈਟਰਨ ਵੀ ਹੈ। ਇਸ ਦੇ ਨਾਲ ਸਿੱਖਾਂ ਕੌਮ ਦੀ ਮੁੱਖ ਸਿਆਸੀ ਪਾਰਟੀ ਵੀ ਮੰਨੀ ਜਾਂਦੀ ਹੈ। ਫਿਰ ਉਸ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਉਸ ਸਮੇਂ ਸੂਬੇ ਦੀ ਸਰਕਾਰ ਦੇ ਉੱਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿੱਚ ਨਾਮਜ਼ਦ ਦੋਸ਼ੀ ਡੇਰਾ ਪ੍ਰੇਮੀ ਹਰਸ਼ ਧੂਰੀ ਅਤੇ ਜਗਜੀਤ ਸਿੰਘ ਬਾਲਿਆਂਵਾਲੀ ਮੁੱਖੀ ਐਡਮਿਨ ਬਲਾਕ,ਡੇਰਾ ਸੱਚਾ ਸੌਦਾ ਸਿਰਸਾ, ਸੁਖਬੀਰ ਬਾਦਲ ਜੀ ਦੀ ਕੋਠੀ ਵਿੱਚ ਮਹਿਮਾਨਾਂ ਵਾਂਗੂੰ ਬੈਠੇ ਹੋਣ ਤਾਂ ਸ਼ੰਕਾ ਖੜ੍ਹਾ ਹੋਣਾ ਕੁਦਰਤੀ ਹੈ। ਇਸ ਕਰਕੇ ਮੇਰੀ ਇੱਕ ਨਿਮਾਈ ਦਾਸਰੀ ਦੀ ਬੇਨਤੀ ਹੈ ਕਿ ਹੁਣ ਸਿਰਫ ਮੇਰੀ ਬੇਨਤੀ ਹੀ ਨਹੀਂ, ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਅਤੇ ਇੱਕ ਹੋਰ ਬੇਅਦਬੀ ਦੇ ਦੋਸ਼ੀ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਬਿਆਨਾਂ ਨੂੰ ਸਾਹਮਣੇ ਰੱਖਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨਾਲ ਸਾਂਝ ਰੱਖਣ ਜਾਂ ਉਹਨਾਂ ਨੂੰ ਬਚਾਉਣ ਵਾਲਿਆਂ ਵਿਰੁੱਧ ਸਿੱਖ ਮਰਿਯਾਦਾ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਜੀ ਤਾਂ ਜੋ ਅੱਗੇ ਤੋਂ ਕੋਈ ਬੇਅਦਬੀ ਕਰਨ ਵਾਲਿਆਂ ਨੂੰ ਬਚਾਉਣ ਜਾਂ ਬੇਅਦਬੀ ਕਰਨ ਵਾਲਿਆਂ ਨਾਲ ਸਾਂਝ ਰੱਖਣ ਦਾ ਹੌਂਸਲਾ ਨਾ ਕਰ ਸਕੇ।