
Punjab Vidhan Sabha: ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨ ਦੀ ਤਿਆਰੀ ਸ਼ੁਰੂ
Punjab Vidhan Sabha Session News: ਪੰਜਾਬ ਵਿਧਾਨ ਸਭਾ ਦਾ 2 ਸਤੰਬਰ ਤੋਂ ਸ਼ੁਰੂ ਹੋਣ ਵਾਲਾ ਤਿੰਨ ਦਿਨ ਦਾ ਮਾਨਸੂਨ ਸੈਸ਼ਨ ਪੂਰੀ ਤਰ੍ਹਾਂ ਹੰਗਾਮੇ ਭਰਿਆ ਰਹੇਗਾ। ਜਿਥੇ ਇਸ ਸੈਸ਼ਨ ਵਿਚ ਸਰਕਾਰ ਨੂੰ ਘੇਰਨ ਲਈ ਵਿਰੋਧੀ ਪਾਰਟੀਆਂ ਨੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿਤੀ ਹੈ, ਉਥੇ ਸੱਤਾਧਿਰ ਵੀ ਵਿਰੋਧੀ ਧਿਰ ਦੇ ਮੁਕਾਬਲੇ ਲਈ ਤਿਆਰੀ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮਾਨਸੂਨ ਸੈਸ਼ਨ ਦੇ ਸਬੰਧ ਵਿਚ ਸਰਕਾਰ ਦੀ ਰਣਨੀਤੀ ਬਾਰੇ ਫ਼ੈਸਲੇ ਲੈਣ ਲਈ 29 ਅਗੱਸਤ ਨੂੰ ਕੈਬਨਿਟ ਮੀਟਿੰਗ ਸੱਦ ਲਈ ਹੈ। ਇਸ ਮੀਟਿੰਗ ਵਿਚ ਜਿਥੇ ਵਿਧਾਨ ਸਭਾ ਵਿਚ ਪੇਸ਼ ਕੀਤੇ ਜਾਣ ਵਾਲੇ ਬਿਲਾਂ ਬਾਰੇ ਪ੍ਰਵਾਨਗੀਆਂ ਦਿਤੀਆਂ ਜਾਣਗੀਆਂ ਉਥੇ ਸੈਸ਼ਨ ਵਿਚ ਵਿਰੋਧੀ ਧਿਰ ਵਲੋਂ ਆਉਣ ਵਾਲੇ ਸਵਾਲਾਂ ਦੇ ਜਵਾਬ ਦੇ ਸਬੰਧ ਵਿਚ ਵਿਚਾਰ ਕੀਤਾ ਜਾਵੇਗਾ।
2 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਜਾਰੀ ਹੋਏ ਪ੍ਰੋਗਰਾਮ ਮੁਤਾਬਕ ਪਹਿਲੇ ਦਿਨ ਵਿਛੜੀਆ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇਣ ਨਾਲ ਕਾਰਵਾਈ ਮੁਲਤਵੀ ਹੋ ਜਾਵੇਗੀ। ਤਿੰਨ ਅਤੇ ਚਾਰ ਸਤੰਬਰ ਨੂੰ ਵਿਧਾਨਿਕ ਕੰਮਕਾਰ ਹੋਵੇਗਾ ਅਤੇ ਇਹ ਦੋਵੇਂ ਦਿਨ ਹੰਗਾਮੇ ਭਰਪੂਰ ਰਹਿਣਗੇ। ਭਾਵੇਂ ਇਸ ਸੈਸ਼ਨ ਵਿਚ ਕਈ ਸਰਕਾਰੀ ਬਿਲ ਪਾਸ ਕੀਤੇ ਜਾਣ ਦਾ ਹੀ ਪ੍ਰੋਗਰਾਮ ਏਜੰਡੇ ’ਤੇ ਹੈ ਪਰ ਸਿਫ਼ਰ ਅਤੇ ਪ੍ਰਸ਼ਨ ਕਾਲ ਤੋਂ ਇਲਾਵਾ ਧਿਆਨ ਦਿਵਾਊ ਮਤੇ ਵੀ ਆਉਣਗੇ, ਇਸ ਦੌਰਾਨ ਵਿਰੋਧੀ ਧਿਰ ਨੂੰ ਸਰਕਾਰ ਨੂੰ ਵੱਖ ਵੱਖ ਸਵਾਲਾਂ ਰਾਹੀਂ ਘੇਰਨ ਦਾ ਮੌਕਾ ਮਿਲੇਗਾ।
ਵਿਰੋਧੀ ਧਿਰ ਵਲੋਂ ਮੁੱਖ ਤੌਰ ’ਤੇ ਅਮਨ ਕਾਨੂੰਨ ਅਤੇ ਨਸ਼ਿਆਂ ਦੇ ਮੁੱਦੇ ਨੂੰ ਮੁੱਖ ਤੌਰ ’ਤੇ ਉਠਾਇਆ ਜਾਵੇਗਾ। ਉਧਰ ਇਸ ਵਾਰ ਵਿਰੋਧੀ ਧਿਰ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਅਤੇ ਮੁਲਾਜ਼ਮ ਸੰਗਠਨਾਂ ਵਲੋਂ ਵੀ ਵਿਧਾਨ ਸਭਾ ਵਲ ਕੂਚ ਕਰ ਕੇ ਅਪਣੀਆਂ ਮੰਗਾਂ ਦੇ ਸਬੰਧ ਵਿਚ ਤਿਆਰੀ ਕੀਤੀ ਜਾ ਰਹੀ ਹੈ। ਜਿਥੇ ਮੁਲਾਜ਼ਮ ਅਤੇ ਪੈਨਸ਼ਨਰ ਸੰਗਠਨਾਂ ਨੇ ਵਿਧਾਨ ਸਭਾ ਸੈਸ਼ਨ ਮੌਕੇ 3 ਸਤੰਬਰ ਨੂੰ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ, ਉਥੇ ਕਿਸਾਨ ਜਥੇਬੰਦੀਆਂ ਨੇ ਵੀ 2 ਅਤੇ 3 ਸਤੰਬਰ ਨੂੰ ਵਿਧਾਨ ਸਭਾ ਵਲ ਮਾਰਚ ਕਰਨ ਦੇ ਐਲਾਨ ਕਰ ਦਿਤੇ ਗਏ ਹਨ।
ਮੁਲਾਜ਼ਮ ਤੇ ਪੈਨਸ਼ਨਰ ਸੰਗਠਨਾਂ ਨੇ ਮੁੱਖ ਮੰਤਰੀ ਦੀ ਮੀਟਿੰਗ ਤਿੰਨ ਵਾਰ ਮੁਲਤਵੀ ਹੋਣ ਬਾਅਦ 3 ਸਤੰਬਰ ਨੂੰ ਵਿਧਾਨ ਸਭਾ ਵਲ ਕੂਚ ਕਰਨ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂੁਨੀਅਨ ਏਕਤਾ (ਉਗਰਾਹਾਂ) ਨੇ ਪਹਿਲੀ ਸਤੰਬਰ ਤੋਂ ਚੰਡੀਗੜ੍ਹ ਚਲੋ ਦੇ ਨਾਹਰੇ ਹੇਠ ਖੇਤੀ ਨੀਤੀ ਬਣਾਉਣ ਦੇ ਮੁੱਦੇ ਨੂੰ ਲੈ ਕੇ ਮੋਰਚਾ ਲਾਉਣ ਤੇ 3 ਸਤੰਬਰ ਨੂੰ ਰੋਸ ਮਾਰਚ ਕਰਨ ਦਾ ਐਲਾਲ ਕੀਤਾ ਹੈ, ਉਥੇ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ 32 ਕਿਸਾਨ ਜਥੇਬੰਦੀਆਂ ਨੇ ਵੀ ਪੰਜਾਬ ਸਰਕਾਰ ਨਾਲ ਜੁੜੀਆਂ ਲੰਬਿਤ ਮੰਗਾਂ ਨੂੰ ਲੈ ਕੇ 2 ਸਤੰਬਰ ਵਿਧਾਨ ਸਭਾ ਵਲ ਮਾਰਚ ਕਰਨ ਦਾ ਫ਼ੈਸਲਾ ਕੀਤਾ ਹੈ।