
ਕਿਹਾ,'ਸਾਰੇ ਮੰਤਰੀ ਤੇ ਵਿਧਾਇਕ ਦਾਨ ਕਰਨਗੇ ਇੱਕ ਮਹੀਨੇ ਦੀ ਤਨਖਾਹ'
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ, ਮੰਤਰੀਆਂ ਅਤੇ ਵਿਧਾਇਕਾਂ ਦੀ ਇੱਕ ਮਹੀਨੇ ਦੀ ਤਨਖਾਹ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਅਤੇ ਰਾਹਤ ਕਾਰਜ ਲਈ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।
ਟਵੀਟ ਵਿੱਚ ਲਿਖਿਆ ਹੈ ਕਿ "ਕੁਦਰਤ ਦੀ ਮਾਰ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ, ਪਰ ਆਪਾਂ ਰਲ਼ ਮਿਲ ਕੇ ਇਸ ਔਖੀ ਘੜੀ ਵਿੱਚ ਇੱਕ ਦੂਜੇ ਦੇ ਨਾਲ ਖੜ੍ਹੀਏ। ਮੈਂ ਅਤੇ ਸਾਡੇ ਸਾਰੇ ਮੰਤਰੀ ਸਾਹਿਬਾਨ ਤੇ ਵਿਧਾਇਕ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਅਤੇ ਰਾਹਤ ਕਾਰਜਾਂ ਲਈ ਦੇ ਰਹੇ ਹਾਂ। ਸਾਡੀ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਲੋਕਾਂ ਦੇ ਨਾਲ ਖੜ੍ਹੇ ਹਨ। ਪਰਮਾਤਮਾ ਅੱਗੇ ਅਰਦਾਸ, ਜਲਦ ਸਾਰੇ ਹਾਲਾਤ ਠੀਕ ਹੋਣਗੇ।"
ਪੰਜਾਬ ਵਿਧਾਨ ਸਭਾ ਦੇ ਸਪੀਕਰ . ਕੁਲਤਾਰ ਸਿੰਘ ਸੰਧਵਾਂ, ਜੋ ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਭਾਈ ਘਨੱਈਆ ਕੈਂਸਰ ਪ੍ਰੀਵੈਂਸ਼ਨ ਸਰਵਿਸ ਸੋਸਾਇਟੀ ਅਤੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ, ਕੋਟਕਪੂਰਾ ਵਰਗੀਆਂ ਲੋਕ ਭਲਾਈ ਸੰਸਥਾਵਾਂ ਨਾਲ ਜੁੜੇ ਹੋਏ ਹਨ, ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਪੀੜਤਾਂ ਦੀ ਮਦਦ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ ਦਾਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਮੁਸ਼ਕਿਲ ਸਮੇਂ ਲੋਕਾਂ ਦੀ ਸਹਾਇਤਾਂ ਕਰਨ ਦੀ ਪ੍ਰੇਰਨਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।