
ਭਾਜਪਾ ਆਗੂਆਂ ਨੇ ਵੀ ਬਦਲੇ ਢੰਗ-ਤਰੀਕਿਆਂ ਖਿਲਾਫ਼ ਖੋਲਿਆ ਮੋਰਚਾ
ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਬੀਤੇ ਕੱਲ੍ਹ ਇਨ੍ਹਾਂ ਬਿੱਲਾਂ 'ਤੇ ਰਾਸ਼ਟਰਪਤੀ ਦੀ ਮੋਹਰ ਲੱਗਣ ਬਾਅਦ ਕਿਸਾਨਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਚੁੱਕਾ ਹੈ। ਕੇਂਦਰ ਸਰਕਾਰ ਵਲੋਂ ਖੇਤੀ ਬਿੱਲਾਂ ਨੂੰ ਰਾਜ ਸਭਾ 'ਚੋਂ ਪਾਸ ਕਰਵਾਉਣ ਲਈ ਵਰਤੇ ਗਏ ਢੰਗ-ਤਰੀਕਿਆਂ ਤੋਂ ਵਿਰੋਧੀ ਧਿਰਾਂ ਸਮੇਤ ਕਿਸਾਨ ਪਹਿਲਾਂ ਹੀ ਔਖੇ ਸਨ। ਇਸ ਤੋਂ ਬਾਅਦ ਸਭ ਦੀਆਂ ਨਜ਼ਰਾਂ ਦੇਸ਼ ਦੇ ਰਾਸ਼ਟਰਪਤੀ ਵੱਲ ਲੱਗੀਆਂ ਹੋਈਆਂ ਸਨ ਜਿੱਥੋਂ ਕੋਈ ਖ਼ਬਰ ਆਉਣ ਦੀ ਉਮੀਦ ਸੀ।
Farmer Protest
ਹੁਣ ਜਦੋਂ ਸੰਘਰਸ਼ੀ ਧਿਰਾਂ ਦੀ ਆਖ਼ਰੀ ਉਮੀਦ ਵੀ ਰਾਸ਼ਟਰਪਤੀ ਦੇ ਦਸਤਖ਼ਤਾਂ ਬਾਅਦ ਟੁੱਟ ਗਈ ਹੈ ਤਾਂ ਗੁੱਸੇ ਦਾ ਵਧਣਾ ਵੀ ਕੁਦਰਤੀ ਹੀ ਸੀ। ਦੂਜੇ ਪਾਸੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਵੀ ਰਾਸ਼ਟਰਪਤੀ ਦੇ ਦਸਤਖ਼ਤਾਂ ਤੋਂ ਅਗਲੇ ਦਿਨ ਦਾ ਹੀ ਆ ਗਿਆ ਹੈ, ਜਿਨ੍ਹਾਂ ਨੇ ਅੰਗਰੇਜ਼ ਸਰਕਾਰ ਦੇ ਕੰਨਾਂ ਤਕ ਆਵਾਜ਼ ਪਹੁੰਚਾਉਣ ਲਈ ਆਵਾਜ਼ ਦੇ ਤੇਜ਼ ਹੋਣ ਦਾ ਹਵਾਲਾ ਦਿਤਾ ਸੀ। ਇਹੀ ਵਜ੍ਹਾ ਹੈ ਕਿ ਅੱਜ ਕਾਂਗਰਸ ਦੇ ਕੁੱਝ ਆਗੂਆਂ ਨੇ ਦਿੱਲੀ ਦੇ ਇੰਡੀਆ ਗੇਟ ਸਾਹਮਣੇ ਲਿਜਾ ਕੇ ਇਕ ਟਰੈਕਟਰ ਨੂੰ ਅੱਗ ਲਗਾ ਦਿਤੀ। ਭਾਵੇਂ ਪੁਲਿਸ ਨੇ ਕਾਰਵਾਈ ਕਰਦਿਆਂ ਕੁੱਝ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ ਪਰ ਪ੍ਰਦਰਸ਼ਨ ਦਾ ਇਹ ਤਰੀਕਾ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ।
Farmers Protest
ਦੂਜੇ ਪਾਸੇ ਸੱਤਾਧਾਰੀ ਧਿਰ ਵਲੋਂ ਅਲੱਗ-ਅਲੱਗ ਦਲੀਲਾਂ ਦੇ ਕੇ ਇਸ ਕਾਰਵਾਈ ਨੂੰ ਭੰਡਿਆ ਜਾ ਰਿਹਾ ਹੈ। ਕਈ ਕੇਂਦਰੀ ਮੰਤਰੀ ਟੀ.ਵੀ. ਚੈਨਲਾਂ 'ਤੇ ਆ ਕੇ ਇਸ ਨੂੰ ਕਾਂਗਰਸ ਦੇ ਹੋਛੇ ਹੱਥਕੰਡੇ ਵਜੋਂ ਪ੍ਰਚਾਰ ਰਹੇ ਹਨ। ਪਰ ਆਈਵਾਈਸੀ ਨੇ ਇਕ ਟਵੀਟ ਵਿਚ ਭਗਤ ਸਿੰਘ ਦੇ ਹਵਾਲੇ ਨਾਲ ਕਿਹਾ, “ਜੇਕਰ ਬੋਲਿਆਂ ਨੂੰ ਸੁਣਾਉਣਾ ਚਾਹੁੰਦਾ ਹੋ, ਤਾਂ ਆਵਾਜ਼ ਬਹੁਤ ਉੱਚੀ ਹੋਣੀ ਚਾਹੀਦੀ ਹੈ: ਭਗਤ ਸਿੰਘ।'' ਟਵੀਟ ਵਿਚ ਕਿਹਾ ਗਿਆ ਹੈ, “ਸ਼ਹੀਦ ਭਗਤ ਸਿੰਘ ਦੀ ਯਾਦ ਦੇ ਸਨਮਾਨ ਵਿਚ, ਪੰਜਾਬ ਯੂਥ ਕਾਂਗਰਸ ਨੇ ਇੰਡੀਆ ਗੇਟ ਵਿਖੇ ਇਕ ਟਰੈਕਟਰ ਸਾੜ ਕੇ ਕਿਸਾਨਾਂ ਪ੍ਰਤੀ ਭਾਜਪਾ ਸਰਕਾਰ ਦੇ ਉਦਾਸੀਨ ਵਤੀਰੇ ਵਿਰੁੱਧ ਵਿਰੋਧ ਜਤਾਇਆ। ਸੁੱਤੀ ਸਰਕਾਰ ਨੂੰ ਜਗਾਓ। ਇਨਕਲਾਬ ਜ਼ਿੰਦਾਬਾਦ।''
Farmer Protest
ਕਾਂਗਰਸੀ ਆਗੂਆਂ ਸਮੇਤ ਸੰਘਰਸ਼ ਧਿਰਾਂ ਦਾ ਕਹਿਣਾ ਹੈ ਕਿ ਭਾਜਪਾ ਵਲੋਂ ਰਾਜ ਸਭਾ 'ਚ ਵਿਰੋਧੀ ਧਿਰ ਦੀ ਆਵਾਜ਼ ਨੂੰ ਅਣਗੌਲਿਆ ਕਰਦਿਆਂ ਜਿਸ ਤਰ੍ਹਾਂ ਖੇਤੀ ਬਿੱਲਾਂ ਨੂੰ ਜੁਬਾਨੀ ਵੋਟਾਂ ਰਾਹੀਂ ਪਾਸ ਕਰਵਾਉਣ ਲਈ ਗ਼ੈਰ ਜ਼ਰੂਰੀ ਹੱਥਕੰਡੇ ਵਰਤੇ ਗਏ ਹਨ, ਉਸ ਸਾਹਮਣੇ ਇੰਡੀਆ ਗੇਟ ਲਿਜਾ ਕੇ ਟਰੈਕਟਰ ਸਾੜਣ ਦੀ ਘਟਨਾ ਕੁੱਝ ਵੀ ਨਹੀਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਰੈਕਟਰ ਸਾੜਨ ਸਬੰਧੀ ਪੁਛੇ ਸਵਾਲ 'ਚ ਕਿਹਾ ਕਿ ''ਜੇਕਰ ਕੋਈ ਖੁਦ ਦਾ ਟਰੈਕਟਰ ਸਾੜਨਾ ਚਾਹੁੰਦਾ ਹੈ ਤਾਂ ਇਸ 'ਚ ਕਿਸੇ ਨੂੰ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ।''
Farmers Protest
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਲੋਂ ਮੋਗਾ ਜ਼ਿਲ੍ਹੇ ਦੇ ਪਿੰਡ ਡਗਰੂ ਵਿਚ ਬਣੇ ਵਿਸ਼ਾਲ ਅਡਾਨੀ ਗਰੁੱਪ ਸ਼ੈਲਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਹੈ। ਬਰਨਾਲਾ ਦੇ ਵਿਧਾਇਕ ਮੀਤ ਹੇਅਰ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਸਮੇਤ ਵੱਡੀ ਗਿਣਤੀ ਆਪ ਵਰਕਰਾਂ ਨੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਅਡਾਨੀ-ਅੰਬਾਨੀ ਗੋ ਬੈਕ ਦੇ ਨਾਹਰਿਆਂ ਨਾਲ ਮੋਗਾ ਨੇੜੇ ਬਣੇ ਅਡਾਨੀ ਐਗਰੋ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ ਕੀਤਾ। ਅਡਾਨੀ ਐਗਰੋ ਦੀਆਂ ਕੰਧਾਂ 'ਤੇ ਅਡਾਨੀ-ਅੰਬਾਨੀ ਗੋ ਬੈਕ ਲਿਖਿਆ ਗਿਆ। ਅਡਾਨੀ ਦੇ ਬੋਰਡ 'ਤੇ ਪਹਿਲਾਂ ਕਾਲਖ ਪੋਥੀ ਤੇ ਫਿਰ ਗੁੱਸੇ 'ਚ ਆਏ ਵਰਕਰਾਂ ਨੇ ਬੋਰਡ ਤੋੜ ਦਿਤਾ।
BJP leaders open front
ਦੂਜੇ ਪਾਸੇ ਭਾਜਪਾ ਬ੍ਰਿਗੇਡ ਵੀ ਪ੍ਰਦਰਸ਼ਨ ਦੇ ਬਦਲ ਰਹੇ ਢੰਗ-ਤਰੀਕਿਆਂ ਖਿਲਾਫ਼ ਖੁਲ੍ਹ ਦੇ ਸਾਹਮਣੇ ਆ ਗਈ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਇਸ ਸਬੰਧੀ ਟਵੀਟ ਕਰਦਿਆਂ ਕਿਹਾ 'ਟਰੱਕ ਵਿਚ ਟਰੈਕਟਰ ਲੱਦ ਕੇ ਪ੍ਰਦਰਸ਼ਨ ਤੋਂ ਪਾਬੰਦੀਸ਼ੁਦਾ ਖੇਤਰ 'ਚ ਅੱਗ ਲਾਉਣਾ, ਕਾਂਗਰਸ ਵਰਕਰ ਕਿਸਾਨਾਂ ਨੂੰ ਕੀ ਸੰਦੇਸ਼ ਦੇ ਰਹੇ ਹਨ? ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਜਾਨ ਦੇ ਦਿਤੀ, ਇਹ ਕਿਸਾਨਾਂ ਦੀ ਆਜ਼ਾਦੀ ਦੇ ਵਿਰੋਧ 'ਚ ਹਿੰਸਾ ਕਰ ਰਹੇ ਹਨ ਜੋ ਕਿਸਾਨ ਤੇ ਭਗਤ ਸਿੰਘ ਦੋਵਾਂ ਦਾ ਅਪਮਾਨ ਹੈ।''