
ਭਾਰਤੀ ਜਨਤਾ ਪਾਰਟੀ ਦੀ ਧੰਘੇੜ ਨਾ ਝੱਲਣ 'ਤੇ ਅਕਾਲੀ ਵਰਕਰ ਬਾਗ਼ੋ-ਬਾਗ਼
to
ਸਿਰਸਾ, 27 ਸਤੰਬਰ (ਸੁਰਿੰਦਰ ਪਾਲ ਸਿੰਘ): ਭਾਰਤ ਸਰਕਾਰ ਦੇ ਕਿਸਾਨ ਵਿਰੋਧੀ 3 ਆਰਡੀਨੈਸਾਂ ਖਿਲਾਫ ਡਟਕੇ ਵੋਟ ਦੇਣ ਅਤੇ ਭਾਰਤੀ ਜੰਤਾ ਪਾਰਟੀ ਦੀ ਧੰਘੇੜ ਝੱਲਣ ਤੋਂ ਇਨਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਦਰੀਂ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਐਨ ਡੀ ਏ ਨਾਲੋ ਨਾਤਾ ਤੋੜਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਛੋਟੇ ਵੱਡੇ ਵਰਕਰ ਬਾਗੋ ਬਾਗ ਦਿਖਾਈ ਦੇ ਹਨ।
ਇਨ੍ਹਾਂ ਤੱਥਾਂ ਦਾ ਪ੍ਰਗਟਾਵਾ ਕਰਦੇ ਹੋਏ ਹਰਿਆਣਾ ਪ੍ਰਾਂਤ ਦੇ ਅਕਾਲੀ ਦਲ ਦੇ ਜਿਲ੍ਹਾ ਸਿਰਸਾ ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਐਨ ਡੀ ਏ ਨਾਲੋ 24 ਸਾਲ ਪੁਰਾਣਾ ਸ਼੍ਰੋਮਣੀ ਅਕਾਲੀ ਦਾ ਨਾਤਾ ਟੁਟਣਾ ਸਿਧਾਤਾਂ ਦੀ ਲੜਾਂਈ ਹੈ ਅਤੇ ਅਕਾਲੀ ਦਲ ਦਾ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਹੈ। ਉਨ੍ਹਾ ਕਿਹਾ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋ ਇਹ ਸਹੀ ਸਮੇਂ ਤੇ ਲਿਆ ਦਰੁਸਤ ਫੈਸਲਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਤਿੰਨ ਬਿਲ ਲਿਆਉਣ ਅਤੇ ਜੰਮੂ ਕਸ਼ਮੀਰ ਵਿੱਚੋ ਪੰਜਾਬੀ ਨੂੰ ਖਤਮ ਕਰਨ ਵਾਲੀ ਬੀਜੇਪੀ ਨਾਲੋਂ ਨਾਤਾ ਤੋੜਨ ਉੱਤੇ ਸਮੂਹ ਪਾਰਟੀ ਵਰਕਰ ਸੁਖਵੀਰ ਸਿੰਘ ਬਾਦਲ ਅਤੇ ਬੀਬਾ ਬਾਦਲ ਨੂੰ ਮੁਬਾਰਕਾਂ ਦੇ ਰਹੇ ਹਨ।
ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ 100 ਸਾਲ ਪੁਰਾਣੀ ਸਾਡੀ ਪਾਰਟੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੱਤਾ ਦਾ ਲਾਲਚੀ ਨਹੀਂ ਹੈ ਉਸਨੂੰ ਹਮੇਸ਼ਾ ਕਿਸਾਨਾਂ,ਮਜ਼ਦੂਰਾਂ,ਗਰੀਬਾਂ ਅਤੇ ਵਪਾਰੀਆਂ ਦੇ ਹਿਤ ਪਿਆਰੇ ਹਨ। ਉਨ੍ਹਾ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੰਮੂ ਅਤੇ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਰੱਖਣ ਦੀ ਜੋ ਮੰਗ ਕੀਤੀ ਸੀ ਇਹ ਵੀ ਕੇਂਦਰ ਸਰਕਾਰ ਨੇ ਨਹੀਂ ਮੰਨੀ।
ਔਲਖ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਭਾਸ਼ਾ ਬਿੱਲ ਪਾਸ ਹੋ ਚੁੱਕਿਆ ਹੈ ਪਰ ਇਸ ਵਿੱਚੋਂ ਪੰਜਾਬੀ ਨੂੰ ਬਾਹਰ ਰੱਖਿਆ ਗਿਆ ਹੈ। ਇਸ ਸਬੰਧੀ ਸਾਰੇ ਦੇਸ਼ ਦੇ ਪੰਜਾਬੀਆਂ ਦੇ ਨਾਲ ਨਾਲ ਹਰਿਆਣਾ ਵਿੱਚਲੇ ਪੰਜਾਬੀਆਂ ਵਿੱਚ ਵੀ ਬਹੁਤ ਰੋਸ਼ ਹੈ। ਉਨ੍ਹਾਂ ਕਿਹਾ ਕਿ ਉਹ ਮੋਦੀ ਸਰਕਾਰ ਦੇ ਹਿਟਲਰਸ਼ਾਹੀ ਫੈਸਲੇ ਦਾ ਪੁਰਜ਼ੋਰ ਵਿਰੋਧ ਕਰਦੇ ਹਨ।
ਲਖਵਿੰਦਰ ਸਿੰਘ ਔਲਖ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਅੰਬਾਨੀ ਅਡਾਨੀ ਜਿਹੇ ਕਾਰਪੋਰੇਟ ਘਰਾਣਿਆਂ ਨੂੰ ਮਾਲਾ-ਮਾਲ ਕਰਨ ਲਈ ਅੰਨਦਾਤਿਆਂ ਨਾਲ ਧ੍ਰੋਹ ਕਮਾਉਣ ਦੇ ਰਾਹ ਤੁਰ ਪਈ ਹੈ। ਮੋਦੀ ਸਰਕਾਰ ਦਾ ਇਹ ਫੈਸਲਾ ਖੇਤਾਂ ਦੇ ਪੁੱਤਰਾਂ ਲਈ ਹੀ ਮਾਰੂ ਨਹੀਂ ਸਗੋਂ ਸਭਨਾਂ ਵਰਗਾਂ ਦੇ ਕਿਰਤੀਆਂ ਤੇ ਖੇਤੀ ਨਾਲ ਜੁੜੇ ਵਿਭਾਗਾਂ ਦੇ ਮੁਲਾਜਮਾਂ ਲਈ ਵੀ ਘਾਤਕ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਅਜਿਹੇ ਲੋਕ ਵਿਰੋਧੀ ਫੈਸਲਿਆਂ ਨੇ ਸਰਕਾਰ ਦਾ ਫਿਰਕੂ ਚਿਹਰਾ ਨੰਗਾਂ ਕਰ ਦਿੱਤਾ ਹੈ। ਉਨ੍ਹਾ ਕਿਹਾ ਕਿ ਹਰਿਆਣਾ ਵਿੱਚ ਸ਼ੋਮਣੀ ਅਕਾਲੀ ਦਲ ਦਾ ਜਨਤਕ ਅਧਾਰ ਹੈ ਅਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤੀ ਲਈ ਦਿਨ ਰਾਤ ਕੰਮ ਕਰਦੇ ਰਹਾਂਗੇ।