
ਭਾਰਤੀ ਸਿਵਲ ਸੇਵਾਵਾਂ ਪ੍ਰੀਖਿਆ 'ਚ ਸਫ਼ਲਤਾ ਉਪਰੰਤ ਭਾਰਤੀ ਵਿਦੇਸ਼ ਸੇਵਾਵਾਂ ਵਜੋਂ ਨਿਯੁਕਤੀ
ਜੈਤੋ, 27 ਸਤੰਬਰ (ਸਵਰਨ ਨਿਆਮੀਵਾਲਾ): ਫ਼ਰੀਦਕੋਟ ਜ਼ਿਲ੍ਹੇ ਅਤੇ ਯੂਨੀਵਰਸਿਟੀ ਕਾਲਜ ਜੈਤੋ ਲਈ ਮਾਣ ਵਾਲੀ ਖ਼ਬਰ ਹੈ ਕਿ ਇਸ ਕਾਲਜ 'ਚੋਂ ਗ੍ਰੈਜੂਏਸ਼ਨ ਕਰਨ ਵਾਲੀ ਹੋਣਹਾਰ ਵਿਦਿਆਰਥਣ ਆਸਮਾ ਗਰਗ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਿੱਲੀ (ਯੂ.ਪੀ.ਐਸ.ਸੀ.) ਵਲੋਂ ਲਈ 2019 ਦੀ ਭਾਰਤੀ ਸਿਵਲ ਸੇਵਾਵਾਂ ਪ੍ਰੀਖਿਆ ਵਿਚ ਸਫ਼ਲਤਾ ਹਾਸਲ ਕਰ ਕੇ ਹੁਣ ਭਾਰਤੀ ਵਿਦੇਸ਼ ਸੇਵਾਵਾਂ (ਆਈ. ਐਫ਼. ਐਸ.) ਵਜੋਂ ਨਿਯੁਕਤ ਹੋ ਗਈ ਹੈ।
ਯੂਨੀਵਰਸਿਟੀ ਕਾਲਜ ਜੈਤੋ ਦੇ ਸੀਨੀਅਰ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਤੱਗੜ ਨੇ ਇਹ ਖ਼ੁਸ਼ਖ਼ਬਰੀ ਸਾਂਝੀ ਕਰਦਿਆਂ ਦਸਿਆ ਕਿ ਜੈਤੋ ਵਸਨੀਕ ਪਰਦੀਪ ਕੁਮਾਰ ਗਰਗ ਅਤੇ ਸੁਮਨ ਗਰਗ ਦੀ ਲਾਡਲੀ ਬੇਟੀ ਅਤੇ ਆਸ਼ੂਤੋਸ਼ ਗਰਗ ਇੰਸਪੈਕਟਰ ਕੋਆਪਰੇਟਿਵ ਵਿਭਾਗ ਦੀ ਭੈਣ ਆਸਮਾ ਗਰਗ ਨੇ 2016 ਵਿਚ ਯੂਨੀਵਰਸਿਟੀ ਕਾਲਜ ਜੈਤੋ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਬੀ. ਏ. ਦੇ ਫ਼ਾਈਨਲ ਇਮਤਿਹਾਨ ਦੇ ਨਤੀਜੇ ਵਿਚ 80 ਫ਼ੀ ਸਦੀ ਅੰਕਾਂ ਨਾਲ ਪ੍ਰਥਮ ਸਥਾਨ ਹਾਸਲ ਕੀਤਾ। ਉਨ੍ਹਾਂ ਦਸਿਆ ਕਿ ਆਸਮਾ ਦੇ ਪਿਤਾ ਪਰਦੀਪ ਗਰਗ ਬਹੁਤ ਖੁਲ੍ਹੇ ਅਤੇ ਉਸਾਰੂ ਵਿਚਾਰਾਂ ਦੇ ਹੋਣ ਕਾਰਨ ਉਨ੍ਹਾਂ ਨੇ ਆਸਮਾ ਨੂੰ ਖੁਲ੍ਹੇ ਅਸਮਾਨ ਵਿਚ ਉੱਡਣ ਦਾ ਮੌਕਾ ਦਿਤਾ ਅਤੇ ਦਿੱਲੀ ਵਿਚ ਭਾਰਤੀ ਸਿਵਲ ਸੇਵਾਵਾਂ ਦੀ ਕੋਚਿੰਗ ਲਈ ਛੱਡ ਦਿਤਾ ਜਿਸ ਦੇ ਨਤੀਜੇ ਵਜੋਂ ਆਸਮਾ ਇਸ ਸਫ਼ਲਤਾ ਤਕ ਪੁੱਜੀ ਹੈ।
ਆਸਮਾ ਗਰਗ ਦੇ ਪਿਤਾ ਪਰਦੀਪ ਗਰਗ ਨੇ ਖ਼ੁਸ਼ੀ ਵਿਚ ਖੀਵੇ ਹੁੰਦਿਆਂ ਕਿਹਾ ਕਿ ਉਨ੍ਹਾਂ ਦੀ ਬੇਟੀ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਨੁਮਾਇੰਦੀ ਕਰਦਿਆਂ ਉਨ੍ਹਾਂ ਦਾ ਅਤੇ ਉਸ ਦੇ ਅਧਿਆਪਕਾਂ ਸਹਿਤ ਪੂਰੇ ਜੈਤੋ ਇਲਾਕੇ ਦਾ ਨਾਂਅ ਚਮਕਾਏਗੀ। ਡਾ. ਤੱਗੜ ਨੇ ਦਸਿਆ ਕਿ ਆਸਮਾ ਗਰਗ ਪੜ੍ਹਾਈ ਵਿਚ ਅੱਵਲ ਆਉਣ ਦੇ ਨਾਲ-ਨਾਲ ਭਾਸ਼ਣ ਪ੍ਰਤੀਯੋਗਤਾ, ਵਾਦ-ਵਿਵਾਦ ਮੁਕਾਬਲਿਆਂ ਤੋਂ ਇਲਾਵਾ ਕਾਲਜ ਦੇ ਸਮਾਗਮਾਂ ਵਿਚ ਵਧੀਆ ਸਟੇਜ਼ ਸਕੱਤਰ ਵਜੋਂ ਫ਼ਰਜ਼ ਨਿਭਾਉਂਦੀ ਰਹੀ ਹੈ।
ਫੋਟੋ :- ਕੇ.ਕੇ.ਪੀ.-ਗੁਰਿੰਦਰ-27-7ਜੀimage