
ਨੌਜਵਾਨਾਂ ਨੂੰ ਕਰ ਲਿਆ ਜਾਂਦਾ ਹੈ ਗ੍ਰਿਫ਼ਤਾਰ
ਸ਼੍ਰੀ ਗੋਇੰਦਵਾਲ ਸਾਹਿਬ: ਅਕਸਰ ਹੀ ਪੰਜਾਬ ਵਿਚ ਖ਼ਾਲਿਸਤਾਨੀ ਝੰਡੇ ਲਹਿਰਾਉਣ ਦੀਆਂ ਖ਼ਬਰਾਂ ਨਸ਼ਰ ਹੁੰਦੀਆਂ ਰਹਿੰਦੀਆਂ ਹਨ, ਪਰ ਅਕਸਰ ਹੀ ਦੇਖਿਆ ਗਿਆ ਹੈ ਕਿ ਕੇਸਰੀ ਝੰਡਿਆਂ ਨੂੰ ਖ਼ਾਲਿਸਤਾਨੀ ਝੰਡੇ ਦਸ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ।
Khalistan Flag
ਇਤਿਹਾਸਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੁਲਿਸ ਨੂੰ ਉਸ ਵਕਤ ਭਾਜੜ ਪੈ ਗਈ, ਜਦੋਂ ਗੁਰਦੁਆਰਾ ਚੁਬਾਰਾ ਸਾਹਿਬ ਦੀ ਪਾਣੀ ਵਾਲੀ ਟੈਂਕੀ ਉਪਰ ਖ਼ਾਲਿਸਤਾਨੀ ਝੰਡਾ ਲਹਿਰਾਉਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਇਸ ਦੌਰਾਨ ਜਦੋਂ ਪੱਤਰਕਾਰਾਂ ਦੀ ਟੀਮ ਵਲੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਗੁਰਦੁਆਰਾ ਸਾਹਿਬ ਦੀ ਟੈਂਕੀ ਉਪਰ ਝੰਡੇ ਝੂਲ ਰਹੇ ਸੀ ਅਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਕੇਵਲ ਸਿੰਘ ਦੀ ਹਾਜ਼ਰੀ ਵਿਚ ਜਦੋਂ ਪਾਣੀ ਵਾਲੀ ਟੈਂਕੀ ਤੋਂ ਝੰਡੇ ਉਤਾਰ ਕੇ ਦੇਖੇ ਤਾਂ ਉਨ੍ਹਾਂ ਉਪਰ ਕਿਤੇ ਵੀ 'ਖ਼ਾਲਿਸਤਾਨ' ਸ਼ਬਦ ਨਜ਼ਰ ਨਹੀਂ ਆਇਆ।
Khalistan Flag
ਮਿਲੀ ਜਾਣਕਾਰੀ ਅਨੁਸਾਰ ਇਹ ਕੇਸਰੀ ਝੰਡੇ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਗੁਰਦੁਆਰਾ ਸਾਹਿਬ ਦੀ ਹਦੂਦ ਵਿਚ ਬਣੀ ਪਾਣੀ ਵਾਲੀ ਟੈਂਕੀ ਉਪਰ ਲਗਾਏ ਗਏ ਸਨ, ਜਿਨ੍ਹਾਂ ਨੂੰ ਖ਼ਾਲਿਸਤਾਨੀ ਝੰਡੇ ਦਸਿਆ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਨੇੜੇ ਹੀ ਬਾਥਰੂਮ ਦੀ ਕੰਧ ਉਪਰ 'ਖ਼ਾਲਿਸਤਾਨ ਜ਼ਿੰਦਾਬਾਦ' ਲਿਖਿਆ ਹੋਇਆ ਸੀ, ਜਿਸ ਬਾਰੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਇਹ ਦੋ ਤੋਂ ਤਿੰਨ ਸਾਲ ਪਹਿਲਾਂ ਇਥੇ ਲਿਖਿਆ ਗਿਆ ਸੀ, ਪਰ ਇਧਰ ਕੋਈ ਵੀ ਵਿਅਕਤੀ ਨਹੀਂ ਜਾਂਦਾ, ਜਿਸ ਕਾਰਨ ਕਿਸੇ ਦਾ ਧਿਆਨ ਇਧਰ ਨਹੀਂ ਗਿਆ।
Khalistan
ਇਸ ਬਾਬਤ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਤਰਨ ਤਾਰਨ ਦੇ ਸੀਨੀਅਰ ਆਗੂ ਜਥੇਦਾਰ ਕਰਮ ਸਿੰਘ ਭੋਈਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਤਾਂ ਪਹਿਲਾਂ ਹੀ ਇਕ ਮਾੜੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਪਰ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਕੇਸਰੀ ਝੰਡਿਆਂ ਨੂੰ ਖ਼ਾਲਿਸਤਾਨੀ ਝੰਡੇ ਦਸ ਕੇ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਕੇਸਰੀ ਝੰਡੇ ਤਾਂ ਸਿੱਖਾਂ ਦੇ ਘਰਾਂ ਉਪਰ ਆਮ ਹੀ ਝੂਲਦੇ ਰਹਿੰਦੇ ਹਨ ਅਤੇ ਇਨ੍ਹਾਂ ਕੇਸਰੀ ਝੰਡਿਆਂ ਉਪਰ ਕਿਸੇ ਨੂੰ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਹੈ। ਇਸ ਮੌਕੇ ਜਦੋਂ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀ.ਐਸ.ਪੀ ਜਸਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਵਲੋਂ ਕੇਸਰੀ ਝੰਡਿਆਂ ਨੂੰ ਖ਼ਾਲਿਸਤਾਨੀ ਝੰਡੇ ਕਹਿ ਕੇ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਉਨ੍ਹਾਂ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।