
ਭਾਰਤ ਭੂਸ਼ਨ ਆਸ਼ੂ ਨੇ ਪੰਜਾਬ 'ਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਕਰਵਾਈ ਸ਼ੁਰੂਆਤ
ਚੰਡੀਗੜ੍ਹ, 27 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਸੁਰੱਖਿਆ ਮਾਮਲੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਰਾਜ 'ਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਅੱਜ ਰਾਜਪੁਰਾ ਦੀ ਅਨਾਜ ਮੰਡੀ ਤੋਂ ਕਰਵਾਈ। ਇਸ ਮੌਕੇ ਆਸ਼ੂ ਨੇ ਦੁਹਰਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਨਾਲ ਖੜੀ ਹੈ ਅਤੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿਲ ਵਾਪਸ ਕਰਵਾਉਣ ਲਈ ਹਰ ਹੀਲਾ ਵਰਤਿਆ ਜਾਵੇਗਾ।
ਉਨ੍ਹਾਂ ਨਾਲ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਡਾਇਰੈਕਟਰ ਖ਼ੁਰਾਕ ਸਪਲਾਈ ਸ੍ਰੀਮਤੀ ਅਨਿੰਦਿਤਾ ਮਿਤਰਾ ਵੀ ਮੌਜੂਦ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸ਼ੂ ਨੇ ਦਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਾਜ ਸਰਕਾਰ ਨੇ ਸੂਬੇ ਦੀਆਂ ਮੰਡੀਆਂ 'ਚੋਂ 170 ਲੱਖ ਟਨ ਮੀਟਰਕ ਟਨ ਝੋਨੇ ਦੀ ਖ਼ਰੀਦ ਦੇ ਪ੍ਰਬੰਧ ਕੀਤੇ ਹਨ। ਕਿਸਾਨਾਂ ਵਲੋਂ ਛੇ ਮਹੀਨਿਆਂ ਦੀ ਮਿਹਨਤ ਨਾਲ ਪਾਲੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ ਜਿਸ ਲਈ ਪੰਜਾਬ ਸਰਕਾਰ ਨੇ ਸੂਬੇ ਦੀਆਂ ਸਾਰੀਆਂ ਮੰਡੀਆਂ 'ਚ ਕੋਵਿਡ ਦੀ ਮਹਾਂਮਾਰੀ ਨੂੰ ਧਿਆਨ ਵਿਚ ਰੱਖਦਿਆਂ ਝੋਨੇ ਦੀ ਫ਼ਸਲ ਦੀ ਸੁਚੱਜੀ ਅਤੇ ਨਿਰਵਿਘਨ ਖ਼ਰੀਦ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ। ਖ਼ੁਰਾਕ ਮੰਤਰੀ ਨੇ ਦਸਿਆ ਕਿ ਝੋਨੇ ਦੀ ਫ਼ਸਲ ਅਗੇਤੀ ਆਉਣ ਕਰ ਕੇ ਸਰਕਾਰ ਨੇ ਕਿਸਾਨਾਂ ਦੀ ਫ਼ਸਲ ਦੀ ਚੁਕਾਈ ਵੀ ਅਗੇਤੀ ਹੀ ਕਰਵਾਉਣ ਲਈ ਅੱਜ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਹੈ। ਕੋਵਿਡ ਕਰ ਕੇ ਇਸ ਵਾਰ ਰਾਜ ਅੰਦਰ ਮੰਡੀ ਬੋਰਡ ਵਲੋਂ 4035 ਖ਼ਰੀਦ ਕੇਂਦਰ ਸਥਾਪਤ ਕੀਤੇ ਗਏ ਹਨ, ਜਿਥੇ 30-30 ਫ਼ੁਟ ਦੇ ਖਾਨੇ ਬਣਾਏ ਗਏ ਹਨ ਤੇ ਮਾਸਕਾਂ ਅਤੇ ਹੱਥ ਧੋਣ ਲਈ ਸਾਬਣ ਤੇ ਸੈਨੇਟਾਈਜ਼ਰ ਦਾ ਵੀ ਪ੍ਰਬੰਧ ਹੈ ਤਾਕਿ ਝੋਨੇ ਦੀ ਫ਼ਸਲ ਨੂੰ ਵੇਚਣ ਸਮੇਂ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਉਹ ਕੋਵਿਡ ਦੀ ਬਿਮਾਰੀ ਤੋਂ ਵੀ ਬਚ ਸਕਣ। ਇਸ ਤੋਂ ਇਲਾਵਾ ਫ਼ਸਲ ਦੀ ਚੁਕਾਈ ਲਈ ਮਜ਼ਦੂਰਾਂ, ਬਾਰਦਾਨੇ ਤੇ ਟਰਾਂਸਪੋਰਟ ਦੇ ਵੀ ਪ੍ਰਬੰਧ ਮੁਕੰimageਮਲ ਹਨ।