
ਦਿੱਲੀ ਗੁਰਦਵਾਰਾ ਕਮੇਟੀ ਵਿਰੁਧ ਅਧਿਆਪਕਾਂ ਦਾ ਰੋਹ, ਤਨਖ਼ਾਹਾਂ ਲਈ ਅੜਿਆ ਸਟਾਫ਼
to
ਨਵੀਂ ਦਿੱਲੀ, 27 ਸਤੰਬਰ (ਅਮਨਦੀਪ ਸਿੰਘ): ਤਨਖ਼ਾਹਾਂ ਦੇਣ ਦੀ ਮੰਗ ਲਈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਲੋਨੀ ਰੋਡ ਸ਼ਾਹਦਰਾ ਦੇ ਅਧਿਆਪਕਾਂ ਦੇ ਧਰਨੇ ਨੂੰ ਇਕ ਹਫ਼ਤਾ ਹੋ ਗਿਆ ਹੈ, ਪਰ ਪ੍ਰਬੰਧਕਾਂ ਵਲੋਂ ਵਿਖਾਈ ਜਾ ਰਹੀ ਬੇਰੁਖੀ ਤੋਂ ਸਟਾਫ਼ ਦੁੱਖੀ ਹੈ।
ਅੱਜ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਕਈ ਸਾਬਕਾ ਵਿਦਿਆਰਥੀਆਂ ਨੇ ਅਧਿਆਪਕਾਂ ਦੀਆਂ ਮੰਗਾਂ ਲਈ ਗੁਰਦਵਾਰਾ ਬੰਗਲਾ ਸਾਹਿਬ ਪੁੱਜ ਕੇ ਅਰਦਾਸ ਕੀਤੀ ਤੇ 'ਸੇਵ ਜੀਐਚਪੀਐਸ' ਦੀਆਂ ਟੀ ਸ਼ਰਟਾਂ ਪਾ ਕੇ, ਸੰਗਤ ਨੂੰ ਅਧਿਆਪਕਾਂ ਦੇ ਹੱਕ ਵਿਚ ਖੜਨ ਦਾ ਸੁਨੇਹਾ ਦਿਤਾ।
ਭਾਵੇਂ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਆਖ ਚੁਕੇ ਹਨ ਕਿ ਕਰੋਨਾ ਮਹਾਂਮਾਰੀ ਦੇ ਦੌਰ 'ਚ ਹਾਈਕੋਰਟ ਦੇ ਫ਼ੈਸਲੇ ਮੁਤਾਬਕ ਸਕੂਲ ਸਟਾਫ਼ ਨੂੰ 60 ਫ਼ੀ ਸਦੀ ਤਨਖ਼ਾਹਾਂ ਦਿਤੀਆਂ ਜਾ ਰਹੀਆਂ ਹਨ, ਪਰ ਅਧਿਆਪਕਾ ਜਸਵੰਤ ਕੌਰ ਦਾ ਕਹਿਣਾ ਹੈ ਕਿ ਸਿਰਸਾ ਝੂਠ ਬੋਲ ਰਹੇ ਹਨ, ਤਨਖ਼ਾਹਾਂ ਦਾ ਸਿਰਫ਼ 53 ਫ਼ੀ ਸਦੀ ਦੇ ਰਹੇ ਹਨ, ਪਰ ਅਸੀਂ ਜੋ ਕਿਸ਼ਤਾ ਭਰਨੀਆਂ ਹਨ, ਉਹ ਕਿਥੋਂ ਭਰੀਏ?
ਇਸ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਅਹੁਦੇਦਾਰਾਂ ਨੇ ਧਰਨੇ 'ਤੇ ਪੁੱਜ ਕੇ, ਅਧਿਆਪਕਾਂ ਦੀਆਂ ਮੰਗਾਂ ਨੂੰ ਜਾਇਜ਼ ਤੇ ਹੱਕੀ ਦਸਿਆ ਤੇ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਕਟਹਿਰੇ ਵਿਚ ਖੜਾ ਕਰਦਿਆਂ ਦਾਅਵਾ ਕੀਤਾ ਜਦੋਂ ਸ.ਪਰਮਜੀਤ ਸਿੰਘ ਸਰਨਾ ਕਮੇਟੀ ਪ੍ਰਧਾਨ ਸਨ, ਉਦੋਂ ਤਾਂ ਤਨਖ਼ਾਹਾਂ ਲਈ ਕਦੇ ਅਜਿਹੇ ਧਰਨੇ ਨਹੀਂ ਸਨ ਲਾਉਣੇ ਪਏ।
ਬੀਤੇ ਦਿਨ ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਰਮਨਦੀਪ ਸਿੰਘ ਫ਼ਤਿਹ ਨਗਰ ਤੇ ਹੋਰ ਅਹੁਦਦਾਰਾਂ ਸ.ਰਣਬੀਰ ਸਿੰਘ ਕੁੰਦੀ, ਸ.ਪਰਮਜੀਤ ਸਿੰਘ ਖੁਰਾਣਾ ਨੇ ਕਿਹਾ, ਇਕ ਤਾਂ ਸਟਾਫ਼ ਨੂੰੰ ਤਨਖਾਹਾਂ ਨਹੀਂ ਦਿਤੀਆਂ ਜਾ ਰਹੀਆਂ, ਉਤੋਂ ਮੋਰਚੇ ਦੀ ਅਗਵਾਈ ਕਰ ਰਹੀ ਅਧਿਆਪਕਾ ਜਸਵੰਤ ਕੌਰ ਨੂੰ ਮਅੱਤਲ ਕਰ ਕੇ ਤਾਨਾਸ਼ਾਹੀ ਕੀਤੀ ਜਾ ਰਹੀ ਹੈ।
ਸ.ਰਮਨਦੀਪ ਸਿੰਘ ਨੇ ਕਿਹਾ, ਦਿੱਲੀ ਦੇ ਸਿੱਖਾਂ ਲਈ ਨਮੋਸ਼ੀ ਦੀ ਗੱਲ ਹੈ ਕਿ ਲੰਗਰ ਲਾਉਣ ਤੇ ਦਵਾਈਆਂ ਵੰਡਣ ਵਾਲੀ ਸਿੱਖ ਕੌਮ ਦੇ ਸਕੂਲਾਂ ਦੇ ਸਟਾਫ਼ ਨੂੰ ਆਪਣੀਆਂ ਮੰਗਾਂ ਲਈ ਧਰਨਾ ਲਾਉਣਾ ਪੈ ਰਿਹਾ ਹੈ, ਪਰ ਪ੍ਰਬੰਧਕ ਸੱਤਾ ਨਸ਼ੇ ਵਿਚ ਟੱਸ ਤੋਂ ਮੱਸ ਨਹੀਂ ਹੋ ਰਹੇ।
ਅਧਿਆਪਕਾ ਜਸਵੰਤ ਕੌਰ ਨੇ ਕਿਹਾ, ਸੋਮਵਾਰ ਤੋਂ ਮੁੜ ਧਰਨਾ ਸ਼ੁਰੂ ਕਰ ਦਿਆਂਗੇ, ਹੋਰ ਸਕੂਲਾਂ ਵਾਲੇ ਵੀ ਕਮੇਟੀ ਖਿਲਾਫ ਡੱਟਣ ਲੱਗ ਗਏ ਹਨ।