
ਚੰਨੀ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ’ਚ ਹੀ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਮਤਾ ਕੀਤਾ ਪਾਸ
ਚੰਡੀਗੜ੍ਹ, 27 ਸਤੰਬਰ (ਗੁਰਉਪਦੇਸ਼ ਭੁੱਲਰ): ਨਵੇਂ ਮੰਤਰੀ ਮੰਡਲ ਵਲੋਂ ਸਹੁੰ ਚੁੱਕਣ ਬਾਅਦ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਪਹਿਲੀ ਕੈਬਨਿਟ ਮੀਟਿੰਗ ਅੱਜ ਭਾਰਤ ਬੰਦ ਹੋਣ ਕਾਰਨ ਕਿਸਾਨਾਂ ਨੂੰ ਹੀ ਸਮਰਪਿਤ ਰਹੀ। ਇਸ ਵਿਚ ਕਿਸਾਨਾਂ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਬਿਨਾਂ ਬਾਕੀ ਸੱਭ ਏਜੰਡੇ ਅਗਲੀ ਮੀਟਿੰਗ ਤੱਕ ਮੁਲਤਵੀ ਕਰ ਦਿਤੇ ਗਏ। ਅਗਲੀ ਮੀਟਿੰਗ ਪਹਿਲੀ ਅਕਤੂਬਰ ਨੂੰ ਹੋਵੇਗੀ, ਜਿਸ ਵਿਚ ਵੱਡੇ ਫ਼ੈਸਲੇ ਲਏ ਜਾਣਗੇ।
ਮੀਟਿੰਗ ਬਾਅਦ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਦਸਿਆ ਕਿ ਅੱਜ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਸਰਬ ਸੰਮਤੀ ਨਾਲ ਇਕ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਤਿੰਨੇ ਖੇਤੀ ਕਾਨੂੰਨ ਵਾਪਸ ਲਏ ਜਾਣ। ਮੰਤਰੀ ਰਾਜਾ ਵੜਿੰਗ ਨੇ ਦਸਿਆ ਕਿ ਅੱਜ ਦੀ ਮੀਟਿੰਗ ਪੂਰੀ ਤਰ੍ਹਾਂ ਕਿਸਾਨੀ ਮੁੱਦੇ ਉਪਰ ਹੀ ਕੇਂਦਰਿਤ ਰਹੀ। ਇਸ ਗੱਲ ’ਤੇ ਵਿਚਾਰ ਕੀਤਾ ਗਿਆ ਕਿ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਖੇਤੀ ਕਾਨੂੰਨ ਵਾਪਸ ਲੈਣ ਲਈ ਕਿਵੇਂ ਕੇਂਦਰ ਸਰਕਾਰ ’ਤੇ ਦਬਾਅ ਵਧਾਇਆ ਜਾਵੇ। ਕਿਸਾਨ ਅੰਦੋਲਨ ਨਾਲ ਡਟ ਕੇ ਖੜੇ ਰਹਿਣ ਦਾ ਸਾਰੇ ਮੈਂਬਰਾਂ ਨੇ ਸੰਕਲਪ ਲਿਆ ਹੈ।
ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਇਸੇ ਹਫ਼ਤੇ ਅੰਦਰ ਕਿਸਾਨ ਅੰਦੋਲਨ ਵਿਚ ਸ਼ਹੀਦ ਕਿਸਾਨਾਂ ਦੇ ਪ੍ਰਵਾਰਕ ਮੈਂਬਰਾਂ ਨੂੰ ਨੌਕਰੀ ਲਈ ਵੱਖ ਵੱਖ ਮੰਤਰੀ ਉਨ੍ਹਾਂ ਦੇ ਘਰਾਂ ਵਿਚ ਜਾ ਕੇ ਨਿਯੁਕਤੀਪੱਤਰ ਦੇਣਗੇ। ਜਿਨ੍ਹਾਂ ਪੀੜਤ ਕਿਸਾਨ ਪ੍ਰਵਾਰਾਂ ਨੂੰ ਹਾਲੇ ਤੱਕ 5-5 ਲੱਖ ਰੁਪਏ ਦੀ ਸਹਾਇਤਾ ਨਹੀਂ ਮਿਲੀ, ਉਨ੍ਹਾਂ ਨੂੰ ਵੀ ਇਸੇ ਦੌਰਾਨ ਚੈਕ ਵੀ ਦਿਤੇ ਜਾਣਗੇ। ਇਸ ਸਬੰਧ ਵਿਚ ਪ੍ਰਬੰਧ ਲਈ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ।