
ਵਪਾਰੀ ਤੋਂ ਪੰਜ ਲੱਖ ਦੇ ਕਰੀਬ ਰਕਮ ਲੁੱੱਟਣ ਵਾਲੇ ਪੰਜ ਲੋਕਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਫ਼ਿਰੋਜ਼ਪੁਰ, 27 ਸਤੰਬਰ (ਪ੍ਰੇਮ ਨਾਥ ਸ਼ਰਮਾ) : ਪੁਲਿਸ ਨੇ ਬੀਤੀ 18 ਅਗੱਸਤ 2021 ਨੂੰ ਡੀਆਰਐਮ ਦਫ਼ਤਰ ਦੇ ਨਜ਼ਦੀਕ ਲੁਧਿਆਣਾ ਦੇ ਇਕ ਵਪਾਰੀ ਤੋਂ ਹੋਈ ਲੱਖਾਂ ਦੀ ਲੁੱਟ ਦਾ ਮਾਮਲਾ ਸੁਲਝਾਉਂਦੇ ਹੋਏ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਤੋਂ ਲੁੱਟ ਦੇ ਪੈਸਿਆਂ ਨਾਲ ਖਰੀਦ ਕੀਤੀ ਗਈ ਦਿੱਲੀ ਨੰਬਰ ਦੀ ਇਕ ਕਾਰ ਵੀ ਬਰਾਮਦ ਕੀਤੀ ਹੈ। ਇਸ ਸਬੰਧੀ ਪੁਲਿਸ ਨੇ ਦੋਸ਼ੀਆਂ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਜਾਣਕਾਰੀ ਦਿੰਦੇ ਹੋਏ ਫ਼ਿਰੋਜ਼ਪੁਰ ਵਿਚ ਪ੍ਰੈਸ ਕਾਨਫ਼ਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਰਾਜਪਾਲ ਸਿੰਘ ਸੰਧੂ ਨੇ ਦਸਿਆ ਕਿ ਐਸਪੀ ਗੁਰਮੀਤ ਸਿੰਘ ਚੀਮਾ ਇੰਨਵੈਸਟੀਗੇਸ਼ਨ ਫ਼ਿਰੋਜ਼ਪੁਰ ਅਤੇ ਜਗਦੀਸ਼ ਕੁਮਾਰ ਉਪ ਕਪਤਾਨ ਇਨਵੈਸਟੀਗੇਸ਼ਨ ਫ਼ਿਰੋਜ਼ਪੁਰ ਦੀ ਦੇਖ-ਰੇਖ ਵਿਚ ਇੰਸਪੈਕਟਰ ਜਤਿੰਦਰ ਸਿੰਘ ਨੇ ਇੰਚਾਰਜ਼ ਸੀਆਈਏ ਸਟਾਫ਼ ਅਤੇ ਸੁਖਮੰਦਰ ਸਿੰਘ ਨੇ 18 ਅਗੱਸਤ 2021 ਨੂੰ ਡੀਆਰਐਮ ਦਫ਼ਤਰ ਫ਼ਿਰੋਜ਼ਪੁਰ ਛਾਉਣੀ ਦੇ ਨਜ਼ਦੀਕ ਇਕ ਲੁਧਿਆਣਾ ਦੇ ਟਾਇਰਾਂ ਦੇ ਵਪਾਰੀ ਤੋਂ 4 ਲੱਖ 80 ਹਜ਼ਾਰ ਰੁਪਏ ਦੀ ਲੁੱਟ ਕਰਨ ਦੇ ਮਾਮਲੇ ਵਿਚ ਦੋਸ਼ੀ ਅਕਾਸ਼ਦੀਪ ਉਰਫ਼ ਮਿੰਟੂ ਪੁੱਤਰ ਸੁਲੱਖਣ ਸਿੰਘ, ਅਮਨ ਪੁੱਤਰ ਗੁਰਦੇਵ ਸਿੰਘ, ਲਵਪ੍ਰੀਤ ਸਿੰਘ ਉਰਫ਼ ਲਵ ਪੁੱਤਰ ਬੋਹੜ ਸਿੰਘ ਵਾਸੀ ਪਿੰਡ ਗਿੱਲਾਂ ਵਾਲਾ, ਕਰਨਜੀਤ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਹਾਕੇਵਾਲਾ, ਗੁਰਜੀਤ ਸਿੰਘ ਉਰਫ ਗੁਰੀ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਖਾਨੇ ਕੇ ਆਹਲ ਨੂੰ ਗ੍ਰਿਫਤਾਰ ਕੀਤਾ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦਸਿਆ ਕਿ ਦੋਸ਼ੀਆਂ ਨੇ ਵਪਾਰੀ ਤੋਂ ਲੁੱਟੇ ਪੈਸਿਆਂ ਦੀ ਡਿਜ਼ਾਇਰ ਗੱਡੀ ਨੰਬਰ ਡੀਐਲ 2 ਸੀਏਐੱਚ 8980 ਖਰੀਦ ਕੀਤੀ ਸੀ, ਜੋ ਪੁਲਿਸ ਨੇ ਦੋਸ਼ੀਆਂ ਤੋਂ ਬਰਾਮਦ ਕਰ ਲਈ ਹੈ। ਉਨ੍ਹਾਂ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਫੋਟੋ ਫਾਈਲ: 27 ਐੱਫਜੈੱਡਆਰ 12
ਕੈਪਸ਼ਨ: ਫਿਰੋਜ਼ਪੁਰ ਪੁਲਿਸ ਵੱਲੋਂ ਵਪਾਰੀ ਤੋਂ ਲੁੱਟ ਖੋਹ ਕਰਨ ਵਾਲੇ ਗ੍ਰਿਫਤਾਰ ਕੀਤੇ ਗਏ 5 ਲੁਟੇਰਿਆਂ ਦੇ ਨਾਲ ਪੁਲਿਸ ਕਰਮਚਾਰੀ ਅਤੇ ਅਧਿਕਾਰੀ।