
'ਆਪ' ਸਰਕਾਰ ਡੇਗਣ ਲਈ ਕਾਂਗਰਸ ਤੇ ਭਾਜਪਾ ਦੀ ਸਾਂਝ ਭਿਆਲੀ ਕਾਰਨ ਭਰੋਸੇ ਦਾ ਮਤਾ ਜ਼ਰੂਰੀ ਸੀ: ਭਗਵੰਤ ਮਾਨ
ਕਿਹਾ, ਭਾਜਪਾ ਪੰਜਾਬ 'ਚ ਕੁਰਸੀ ਪ੍ਰਾਪਤ ਕਰਨ ਲਈ ਮਿ੍ਗ ਤਿ੍ਸ਼ਨਾ ਦਾ ਸ਼ਿਕਾਰ ਪਰ ਕੁੱਝ ਨਹੀਂ ਮਿਲਣਾ
ਚੰਡੀਗੜ੍ਹ, 27 ਸਤੰਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਧਾਨ ਸੈਸ਼ਨ ਵਿਚ ਭਰੋਸੇ ਦੇ ਵੋਟ ਲਈ ਮਤਾ ਪੇਸ਼ ਕਰਨ ਤੋਂ ਬਾਅਦ ਸਦਨ ਵਿਚ ਬੋਲਦਿਆਂ ਭਾਜਪਾ ਅਤੇ ਕਾਂਗਰਸ ਉਪਰ ਤਿਖੇ ਹਮਲੇ ਕੀਤੇ | ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਵਲੋਂ 'ਆਪ' ਸਰਕਾਰ ਨੂੰ ਡੇਗਣ ਲਈ ਪਾਈ ਸਾਂਝ ਭਿਆਲੀ ਕਾਰਨ ਭਰੋਸੇ ਦਾ ਵੋਟ ਲਿਆਉਣਾ ਜ਼ਰੂਰੀ ਹੋ ਗਿਆ ਸੀ | ਉਨ੍ਹਾਂ ਕਿਹਾ ਕਿ ਭਾਜਪਾ ਵੀ ਸਮੇਂ ਨਾਲ ਖੇਡਣ ਲੱਗੀ ਹੈ ਅਤੇ ਉਸ ਵਿਚ ਹੰਕਾਰ ਆ ਗਿਆ ਹੈ | ਪਹਿਲਾਂ ਕਾਂਗਰਸ ਵੀ ਇਹੀ ਕੰਮ ਵਿਰੋਧੀ ਸਰਕਾਰਾਂ ਤੋੜਨ ਲਈ ਕਰਦੀ ਰਹੀ ਹੈ |
ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿਚ ਕੁਰਸੀ ਹਾਸਲ ਕਰਨ ਲਈ ਮਿ੍ਗ ਤਿ੍ਸ਼ਨਾ ਦਾ ਸ਼ਿਕਾਰ ਹੈ ਪਰ ਹੱਥ ਕੁੱਝ ਨਹੀਂ ਆਉਣਾ | ਭਾਜਪਾ ਵਾਲੇ ਸਾਡੇ ਵਿਧਾਇਕ ਨੂੰ ਫ਼ੋਨ ਕਰ ਕੇ ਕੀਮਤ ਪੁਛ ਰਹੇ ਸੀ ਅਤੇ ਉਹ ਵਿਧਾਇਕਾਂ ਨੂੰ ਇਸ ਲਈ ਅਪ੍ਰੇਸ਼ਨ ਲੋਟਸ ਲਈ ਟੋਹ ਰਹੇ ਸਨ ਕਿ ਜੇ ਇਕ ਮੰਨ ਗਿਆ ਤਾਂ ਅੱਗੇ ਗੱਲ ਤੁਰ ਪਵੇਗੀ ਪਰ 'ਆਪ' ਦੇ ਵਿਧਾਇਕ ਵਿਕਣ ਵਾਲੇ ਨਹੀਂ ਹਨ | ਉਨ੍ਹਾਂ ਪੰਜਾਬ ਕਾਂਗਰਸ 'ਤੇ ਵਰ੍ਹਦਿਆਂ ਪੁਛਿਆ ਕਿ ਤੁਹਾਨੂੰ ਕੀ ਫ਼ਰਕ ਪੈਂਦਾ ਹੈ ਅਪ੍ਰੇਸ਼ਨ ਲੋਟਸ ਫ਼ੇਲ੍ਹ ਹੋਣ ਦਾ | ਲਗਦੈ ਕੋਈ ਨੁਕਸਾਨ ਤਾਂ ਹੋ ਰਿਹਾ ਹੈ ਤੇ ਅੱਟੀ ਸੱਟੀ ਲੱਗ ਗਈ ਹੋਣੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਕਈ ਰਾਜਾਂ ਵਿਚ ਖ਼ੁਦ ਅਪ੍ਰੇਸ਼ਨ ਲੋਟਸ ਤੋਂ ਪੀੜਤ ਹੈ ਤੇ ਸਾਨੂੰ ਲਗਦਾ ਸੀ ਕਿ ਲੋਕਤੰਤਰ ਬਚਾਉਣ ਲਈ ਸਾਡਾ ਸਾਥ ਦੇਵੇਗੀ ਪਰ ਉਲਟ ਹੋਇਆ |
ਇਸ ਤੋਂ ਸਿੱਧ ਹੁੰਦਾ ਹੈ ਕਿ ਮਿਲੀਭੁਗਤ ਕਾਰਨ ਕਾਂਗਰਸ ਪੰਜਾਬ ਵਿਚ ਭਾਜਪਾ ਦੀ ਬੀ ਟੀਮ ਬਣ ਕੇ ਕੰਮ ਕਰ ਰਹੀ ਹੈ |
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਪੈਸੇ ਦੇ ਬੈਗਾਂ ਦੀ ਵਰਤੋਂ ਕਰ ਕੇ ਜਮਹੂਰੀਅਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਾ ਰਹੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਵੀ ਇਹੋ ਕਰਦੀ ਰਹੀ ਹੈ ਅਤੇ ਹੁਣ ਇਹ ਭਗਵਾ ਪਾਰਟੀ ਕਾਂਗਰਸ ਦੇ ਨਕਸ਼ੇ ਕਦਮ ਉਤੇ ਚਲ ਰਹੀ ਹੈ | ਕਾਂਗਰਸ ਤੇ ਭਾਜਪਾ ਦੀ ਸਾਂਝ ਦਾ ਹਵਾਲਾ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੀ ਲੀਡਰਸ਼ਿਪ ਨੇ ਕੰਨਿਆ ਕੁਮਾਰੀ ਤੋਂ ਕਸ਼ਮੀਰ ਤਕ 'ਭਾਰਤ ਜੋੜੋ ਯਾਤਰਾ' ਸ਼ੁਰੂ ਕੀਤੀ ਹੈ ਪਰ ਇਸ ਯਾਤਰਾ ਦੌਰਾਨ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਰਗੇ ਰਾਜਾਂ ਤੋਂ ਜਾਣ-ਬੁੱਝ ਕੇ ਦੂਰੀ ਰੱਖੀ ਗਈ ਹੈ ਤਾਕਿ ਚੋਣਾਂ ਵਿਚ ਭਾਜਪਾ ਨੂੰ ਲਾਹਾ ਦਿਤਾ ਜਾ ਸਕੇ |
ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿਆਸਤ ਵਿਚ ਲੋਕ ਭਲਾਈ ਦਾ ਨਵਾਂ ਏਜੰਡਾ ਸਥਾਪਤ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸੇ ਕਾਰਨ ਭਾਜਪਾ ਲੀਡਰਸ਼ਿਪ ਨੂੰ ਅਪਣਾ ਵੰਡ ਪਾਊ ਏਜੰਡਾ ਛੱਡ ਕੇ ਲੋਕਾਂ ਦੀ ਭਲਾਈ ਬਾਰੇ ਗੱਲ ਕਰਨ ਲਈ ਮਜਬੂਰ ਹੋਣਾ ਪਿਆ | ਭਗਵੰਤ ਮਾਨ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਪ੍ਰਭਾਵ ਹੈ ਕਿ ਜਿਹੜੇ ਲੀਡਰ ਲੋਕਾਂ ਨੂੰ ਵੰਡਦੇ ਸਨ, ਉਹ ਹੁਣ ਸਕੂਲਾਂ, ਕਾਲਜਾਂ ਤੇ ਹਸਪਤਾਲਾਂ ਦੇ ਉਦਘਾਟਨ ਕਰਦੇ ਨਜ਼ਰ ਆ ਰਹੇ ਹਨ | ਮੁੱਖ ਮੰਤਰੀ ਨੇ ਕਿਹਾ ਕਿ ਹੁਣ ਭਾਜਪਾ ਵਿਚ ਦਲ-ਬਦਲੂ ਰਾਜ ਕਰ ਰਹੇ ਹਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਹੜੇ ਮੁੱਖ ਮੰਤਰੀ ਵਜੋਂ ਅਪਣੇ ਕਾਰਜਕਾਲ ਦੌਰਾਨ ਭਾਜਪਾ ਦੇ ਇਸ਼ਾਰੇ ਉਤੇ ਚੱਲ ਰਹੇ ਸਨ, ਨੇ ਹੁਣ ਰਸਮੀ ਤੌਰ ਉਤੇ ਭਾਜਪਾ ਦਾ ਪੱਲਾ ਫੜ ਲਿਆ ਹੈ | ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਇਹ ਪਹਿਲੀ ਦਫ਼ਾ ਹੋਇਆ ਹੈ ਕਿ ਚੋਣਾਂ ਵਿਚ ਹਾਰ ਮਗਰੋਂ ਕਿਸੇ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਹੀ ਗ਼ਾਇਬ ਹੋ ਗਿਆ ਹੈ | ਭਗਵੰਤ ਮਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚੰਨੀ ਦੇ ਕਾਰਜਕਾਲ ਵਿਚ ਹੋਈਆਂ ਬੇਨਿਯਮੀਆਂ ਕਾਰਨ ਹੀ ਉਹ ਹੁਣ ਗ਼ਾਇਬ ਹਨ |
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਕੋਈ ਕੰਮ ਨਾ ਕਰਨ ਕਾਰਨ ਲੋਕਾਂ ਨੇ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਇਆ | ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਲੋਕਾਂ ਨੇ ਸੂਬਾਈ ਵਿਧਾਨ ਸਭਾ ਤੋਂ ਬਾਹਰ ਕੀਤਾ ਪਰ ਇਹ ਆਗੂ ਹੁਣ 'ਖਿਆਲੀ ਜਾਂ ਮੌਕ ਸੈਸ਼ਨ' ਕਰਵਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਅਪਣੀ ਨਿਰਾਸ਼ਾ ਕੱਢ ਰਹੇ ਹਨ | ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਉਮੀਦ ਨੂੰ ਵੋਟ ਪਾਈ ਅਤੇ ਆਮ ਆਦਮੀ ਪਾਰਟੀ (ਆਪ) ਸੂਬੇ ਨੂੰ ਦੇਸ਼ ਭਰ ਵਿਚੋਂ ਮੋਹਰੀ ਬਣਾਉਣ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਜਨਤਕ ਫ਼ੰਡਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਇਤਿਹਾਸਕ ਸਕੀਮ 'ਇਕ ਵਿਧਾਇਕ, ਇਕ ਪੈਨਸ਼ਨ' ਪਾਸ ਕੀਤੀ ਅਤੇ ਸੂਬੇ ਭਰ ਵਿਚ 100 ਦੇ ਕਰੀਬ ਆਮ ਆਦਮੀ ਕਲੀਨਿਕ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਮਰਪਿਤ ਕੀਤੇ ਗਏ | ਉਨ੍ਹਾਂ ਕਿਹਾ ਕਿ ਸੂਬੇ ਭਰ ਵਿਚ ਲੱਖਾਂ ਘਰਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਮੁਹਈਆ ਕਰਵਾਈ ਜਾ ਰਹੀ ਹੈ | ਭਗਵੰਤ ਮਾਨ ਨੇ ਕਿਹਾ ਕਿ ਇਕ ਪਾਸੇ ਨਵੀਂ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ ਅਤੇ ਦੂਜੇ ਪਾਸੇ ਠੇਕੇ 'ਤੇ ਰੱਖੇ ਮੁਲਾਜ਼ਮਾਂ ਦੀਆਂ ਨੌਕਰੀਆਂ ਰੈਗੂਲਰ ਕਰਨ ਦੀ ਪ੍ਰਕਿਰਿਆ ਵੀ ਚਲ ਰਹੀ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਉਤੇ ਜਾ ਕੇ ਆਟਾ-ਦਾਲ ਮੁਹਈਆ ਕਰਵਾਉਣ ਦੀ ਯੋਜਨਾ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ |