
ਫੌਜਾ ਸਿੰਘ ਸਰਾਰੀ ਦਾ ਜੁਆਬ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਫੈਸਲਾ
ਮੁਹਾਲੀ: ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਪਿਛਲੇ ਦਿਨੀਂ ਫੌਜਾ ਸਿੰਘ ਸਰਾਰੀ ਦੀ ਆਡੀਓ ਵਾਇਰਲ ਹੋਈ ਸੀ। ਇਸ ਮਗਰੋਂ ਵਿਰੋਧੀ ਧਿਰਾਂ ਭਗਵੰਤ ਮਾਨ ਸਰਕਾਰ ’ਤੇ ਸਵਾਲ ਚੁੱਕ ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਫੌਜਾ ਸਿੰਘ ਸਰਾਰੀ ਨੂੰ ਕੈਬਨਿਟ ਵਿੱਚੋਂ ਕੱਢਿਆ ਜਾ ਸਕਦਾ ਹੈ।
ਇਸ ਬਾਰੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਜਦੋਂ ਕਿਸੇ ਮੰਤਰੀ ਜਾਂ ਵਿਧਾਇਕ ਬਾਰੇ ਕੁਝ ਗਲਤ ਸਾਹਮਣੇ ਆਉਂਦਾ ਹੈ ਤਾਂ ਸਰਕਾਰ ਆਪਣੇ ਤੌਰ 'ਤੇ ਨਿਰੀਖਣ ਕਰਦੀ ਹੈ। ਪੰਜਾਬ ਵਿਚ 'ਆਪ' ਸਰਕਾਰ ਭ੍ਰਿਸ਼ਟਾਚਾਰ ਮੁਕਤ ਪੰਜਾਬ ਲਈ ਕੰਮ ਕਰ ਰਹੀ ਹੈ। ਇਸ ਸਰਕਾਰ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਹੈ।
ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਅਤੇ ਉਨ੍ਹਾਂ ਦੇ ਓਐੱਸਡੀ ਤਰਸੇਮ ਕਪੂਰ ਦੀ ਇੱਕ ਆਡੀਓ ਵਾਈਰਲ ਹੋਈ ਸੀ, ਜਿਸ ਵਿਚ ਇਨ੍ਹਾਂ ਵੱਲੋਂ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਸੀ। ਇਸ ਆਡੀਓ ਦੇ ਵਾਈਰਲ ਹੋਣ ਤੋਂ ਬਾਅਦ ਓਐੱਸਡੀ ਹੋਣ ਦਾ ਦਾਅਵਾ ਕਰਨ ਵਾਲੇ ਤਰਸੇਮ ਲਾਲ ਕਪੂਰ ਨੇ ਖ਼ੁਦ ਮੀਡੀਆ ਅੱਗੇ ਆ ਕੇ ਦੱਸਿਆ ਸੀ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵੱਲੋਂ ਭ੍ਰਿਸ਼ਟਾਚਾਰ ਪਹਿਲੀ ਵਾਰ ਨਹੀਂ ਕੀਤਾ ਗਿਆ ਹੈ, ਸਗੋਂ ਉਨ੍ਹਾਂ ਕੋਲ ਇਹੋ ਜਿਹੇ ਬਹੁਤ ਹੋਰ ਵੀ ਸਬੂਤ ਹਨ ਪਰ ਉਹ ਆਮ ਆਦਮੀ ਪਾਰਟੀ ਵੱਲੋਂ ਕਾਰਵਾਈ ਕੀਤੇ ਜਾਣ ਦਾ ਇੰਤਜ਼ਾਰ ਕਰਨਗੇ।
ਹੁਣ ਆਮ ਆਦਮੀ ਪਾਰਟੀ ਵੱਲੋਂ ਫੌਜਾ ਸਿੰਘ ਸਰਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਜੁਆਬ ਦੇਣ ਲਈ ਵੀ ਕਿਹਾ ਗਿਆ ਹੈ। ਫੌਜਾ ਸਿੰਘ ਸਰਾਰੀ ਤੋਂ ਵਾਈਰਲ ਆਡੀਓ ਅਤੇ ਲੱਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਸਬੰਧੀ ਸਪਸ਼ੱਟੀਕਰਨ ਮੰਗਿਆ ਗਿਆ ਹੈ।
ਫੌਜਾ ਸਿੰਘ ਸਰਾਰੀ ਦਾ ਜੁਆਬ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਇਸ ਸਬੰਧੀ ਫੈਸਲਾ ਕਰਨਗੇ। ਫੌਜਾ ਸਿੰਘ ਸਰਾਰੀ ਨੂੰ ਕੈਬਨਿਟ ਮੰਤਰੀ ਦੇ ਅਹੁਦੇ ’ਤੇ ਰੱਖਣਾ ਹੈ ਜਾਂ ਫਿਰ ਉਨ੍ਹਾਂ ਨੂੰ ਕੈਬਨਿਟ ਤੋਂ ਬਾਹਰ ਕੀਤਾ ਜਾਣਾ ਹੈ। ਇਸ ਸਬੰਧੀ ਪਾਰਟੀ ਜਾਂ ਫਿਰ ਮੁੱਖ ਮੰਤਰੀ ਪੱਧਰ ’ਤੇ ਕੋਈ ਵੀ ਬਿਆਨ ਨਹੀਂ ਮਿਲ ਸਕਿਆ