
ਬਲਜੀਤ ਸਿੰਘ ਦਾਦੂਵਾਲ, ਜਗਦੀਸ਼ ਸਿੰਘ ਝੀਂਡਾ ਸਣੇ ਹੋਰ ਮੈਂਬਰਾਂ ਵਿਚਾਲੇ ਬਣੀ ਸਹਿਮਤੀ
ਚੰਡੀਗੜ੍ਹ, 27 ਸਤੰਬਰ (ਸਸਸ): ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵਾਂਗ ਹੀ ਕੰਮ ਕਰੇਗੀ | ਇਸ ਨੂੰ ਲੈ ਕੇ ਬਲਜੀਤ ਸਿੰਘ ਦਾਦੂਵਾਲ, ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ, ਅਮਰਿੰਦਰ ਸਿੰਘ ਅਰੋੜਾ, ਮੋਹਨਜੀਤ ਸਿੰਘ ਪਾਣੀਪਤ ਅਤੇ ਕਮੇਟੀ ਦੇ ਹੋਰ ਮੈਂਬਰਾਂ ਦੀ ਆਪਸ ਵਿਚ ਸਹਿਮਤੀ ਬਣ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਾਰੇ ਮੈਂਬਰਾਂ ਨੇ ਸਹਿਮਤੀ ਜਤਾਈ ਹੈ ਕਿ ਕੋਈ ਗ਼ੈਰ ਕਾਨੂੰਨੀ ਕੰਮ ਨਹੀਂ ਹੋਵੇਗਾ | ਉਨ੍ਹਾਂ ਦਸਿਆ ਕਿ ਇਸ ਸਬੰਧੀ ਹਰਿਆਣਾ ਨਿਵਾਸ ਵਿਚ ਮੀਟਿੰਗ ਕੀਤੀ ਗਈ ਸੀ | ਗੁਰਦਵਾਰਿਆਂ ਦੀ ਸੇਵਾ ਇਕਮੁਠ ਹੋ ਕੇ ਕੀਤੀ ਜਾਵੇਗੀ |
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਦਾਅਵਾ ਕੀਤਾ ਸੀ ਕਿ ਕੈਥਲ ਦੇ ਗੁਰਦੁਆਰਾ ਨਿੰਮ ਸਾਹਿਬ ਵਿਖੇ ਹੋਈ ਜਨਰਲ ਹਾਊਸ ਦੀ ਬੈਠਕ ਵਿਚ 35 ਵਿਚੋਂ 33 ਮੈਂਬਰਾਂ ਵਲੋਂ ਉਨ੍ਹਾਂ ਨੂੰ ਮੁੜ ਪ੍ਰਧਾਨ ਨਾਮਜ਼ਦ ਕੀਤਾ ਗਿਆ ਹੈ | ਹਾਲਾਂਕਿ ਮੌਜੂਦਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਉਨ੍ਹਾਂ ਦੇ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਕਿ ਉਹ ਪ੍ਰਧਾਨ ਹਨ ਅਤੇ ਉਨ੍ਹਾਂ ਦੇ ਕਾਰਜਕਾਲ ਦੇ ਛੇ ਮਹੀਨੇ ਅਜੇ ਬਾਕੀ ਹਨ |