
ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਹੀ ਦਿਨ ਭਰੋਸੇ ਦਾ ਮਤਾ ਆਉਣ ਕਾਰਨ ਕਾਂਗਰਸ ਵਲੋਂ ਹੰਗਾਮਾ ਤੇ ਨਾਹਰੇਬਾਜ਼ੀ
ਮੁੱਖ ਮੰਤਰੀ ਨੇ ਪੇਸ਼ ਕੀਤਾ ਮਤਾ, ਹੰਗਾਮੇ ਤੇ ਸ਼ੋਰ ਸ਼ਰਾਬੇ ਕਾਰਨ ਸਪੀਕਰ ਨੂੰ ਤਿੰਨ ਵਾਰ ਕਾਰਵਾਈ ਮੁਲਤਵੀ ਕਰਨੀ ਪਈ, ਕਾਂਗਰਸ ਮੈਂਬਰਾਂ ਨੂੰ ਪੂਰੇ ਦਿਨ ਲਈ ਮੁਅੱਤਲ ਕਰ ਕੇ ਸਦਨ ਵਿਚੋਂ ਮਾਰਸ਼ਲਾਂ ਰਾਹੀਂ ਬਾਹਰ ਕਢਿਆ
ਚੰਡੀਗੜ੍ਹ, 27 ਸਤੰਬਰ (ਗੁਰਉਪਦੇਸ਼ ਭੁੱਲਰ) : ਰਾਜਪਾਲ ਨੂੰ ਸਰਕਾਰ ਵਲੋਂ ਦਿਤੀ ਜਾਣਕਾਰੀ ਅਨੁਸਾਰ 27 ਸਤੰਬਰ ਦੇ ਸੈਸ਼ਨ ਦੇ ਏਜੰਡੇ ਵਿਚ ਭਰੋਸੇ ਦੇ ਵੋਟ ਦਾ ਕੋਈ ਜ਼ਿਕਰ ਨਹੀਂ ਸੀ ਪਰ ਇਸ ਦੇ ਬਾਵਜੂਦ ਅੱਜ ਸ਼ੁਰੂ ਹੋਏ ਸੈਸ਼ਨ ਦੀ ਕਾਰਵਾਈ ਵਿਚ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸੱਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸੇ ਦੇ ਵੋਟ ਲਈ ਮਤਾ ਹੀ ਪੇਸ਼ ਕੀਤਾ | ਇਸ ਦੀ ਤਾਈਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤੀ ਅਤੇ ਇਸ ਨੂੰ ਅਮਨ ਅਰੋੜਾ ਨੇ ਸੈਕੰਡ ਕੀਤਾ | ਇਸ ਨੂੰ ਲੈ ਕੇ ਸਦਨ ਵਿਚ ਵਿਰੋਧੀ ਪਾਰਟੀ ਕਾਂਗਰਸ ਤੇ ਭਾਜਪਾ ਨੇ ਭਾਰੀ ਹੰਗਾਮਾ ਕੀਤਾ | ਇਸ ਉਪਰ 3 ਅਕਤੂਬਰ ਨੂੰ ਵੋਟਿੰਗ ਹੋਵੇਗੀ | ਇਹ ਮਤਾ ਪੇਸ਼ ਹੋਣ 'ਤੇ ਕਾਂਗਰਸੀ ਮੈਂਬਰਾਂ ਅਤੇ ਭਾਜਪਾ ਨੇ ਇਤਰਾਜ਼ ਕੀਤਾ |
ਭਾਜਪਾ ਦੇ ਦੋਵੇਂ ਮੈਂਬਰ ਅਸ਼ਵਨੀ ਸ਼ਰਮਾ ਅਤੇ ਜੰਗੀ ਲਾਲ ਮਹਾਜਨ ਤਾਂ ਸਰਕਾਰ ਵਿਰੁਧ ਨਾਹਰੇਬਾਜ਼ੀ ਕਰਦੇ ਸਦਨ ਵਿਚੋਂ ਵਾਕ ਆਊਟ ਕਰ ਗਏ ਪਰ ਕਾਂਗਰਸੀ ਮੈਂਬਰਾਂ ਨੇ ਸਪੀਕਰ ਦੇ ਆਸਨ ਸਾਹਮਣੇ ਵੈਲ ਵਿਚ ਜਾ ਕੇ ਕਾਰਵਾਈ ਵਿਚ ਵਿਘਨ ਪਾਉਂਦੇ ਹੋਏ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ | ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਸੈਸ਼ਨ ਦਾ ਪ੍ਰੋਗਰਾਮ ਤੈਅ ਕਰਨ ਲਈ ਕਾਰਜ ਸਲਾਹਕਾਰ ਕਮੇਟੀ ਦੀ ਮੀਟਿੰਗ ਵਿਚ ਭਰੋਸੇ ਦੇ ਮਤੇ ਬਾਰੇ ਕੁੱਝ ਨਹੀਂ ਸੀ ਦਸਿਆ ਗਿਆ
ਪਰ ਸਦਨ ਵਿਚ ਇਕ ਦਮ ਸੱਭ ਤੋਂ ਪਹਿਲਾਂ ਇਹ ਮਤਾ ਲਿਆਂਦਾ ਗਿਆ ਜਦ ਕਿ ਇਸ ਮਤੇ ਕਾਰਨ ਹੀ ਪਹਿਲਾਂ ਰਾਜਪਾਲ ਨੇ 22 ਸਤੰਬਰ ਦੇ ਸੈਸ਼ਨ ਨੂੰ ਅਸੰਵਿਧਾਨਕ ਦਸਦੇ ਹੋਏ ਰੱਦ ਕੀਤਾ ਸੀ |
ਸੁਖਪਾਲ ਖਹਿਰਾ ਨੇ ਵੀ ਮੁੱਖ ਮੰਤਰੀ ਵਲੋਂ ਮਤਾ ਪੇਸ਼ ਕਰਨ ਸਮੇਂ ਉਨ੍ਹਾਂ ਨੂੰ ਵਿਚੋਂ ਟੋਕਣ ਦੀ ਕੋਸ਼ਿਸ਼ ਕੀਤੀ | 'ਆਪ' ਦੇ ਮੈਂਬਰਾਂ ਨੇ ਵੀ ਕਾਂਗਰਸ ਦੇ ਬਰਾਬਰ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ ਅਤੇ ਅਸ਼ਵਨੀ ਸ਼ਰਮਾ ਤੇ ਖਹਿਰਾ ਨੂੰ ਤਾਂ ਸਦਨ ਵਿਚ ਬੋਲਣ ਹੀ ਨਹੀਂ ਦਿਤਾ | ਇਸ ਦੌਰਾਨ ਕਾਂਗਰਸ ਮੈਂਬਰਾਂ ਵਲੋਂ ਸਦਨ ਵਿਚ ਲਗਾਤਾਰ ਹੰਗਾਮੇ,ਨਾਹਰੇਬਾਜ਼ੀ ਤੇ ਸ਼ੋਰ ਸ਼ਰਾਬੇ ਕਾਰਨ ਸਪੀਕਰ ਨੂੰ ਤਿੰਨ ਵਾਰ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ | ਆਖ਼ਰ ਜਦ ਸਪੀਕਰ ਵਲੋਂ ਵਾਰ ਵਾਰ ਚੇਤਾਵਨੀ ਦੇਣ ਅਤੇ ਹਰ ਮੁੱਦੇ ਉਪਰ ਵਿਰੋਧੀਆਂ ਨੂੰ ਬੋਲਣ ਦਾ ਖੁਲ੍ਹਾ ਸਮਾਂ ਦੇਣ ਦੀ ਅਪੀਲ ਵੀ ਕੰਮ ਨਾ ਆਈ ਤਾਂ ਉਨ੍ਹਾਂ ਸਾਰੇ ਕਾਂਗਰਸੀ ਮੈਂਬਰਾਂ ਨੂੰ ਅੱਜ ਪੂਰੇ ਦਿਨ ਲਈ ਮੁਅੱਤਲ ਕਰ ਕੇ ਮਾਰਸ਼ਲਾਂ ਨੂੰ ਹੁਕਮ ਦਿਤੇ ਗਏ ਕਿ ਇਨ੍ਹਾਂ ਨੂੰ ਬਾਹਰ ਕਢਿਆ ਜਾਵੇ | ਮਾਰਸ਼ਲਾਂ ਦੇ ਕਹਿਣ 'ਤੇ ਵੀ ਮੁਅੱਤਲ ਮੈਂਬਰ ਸਦਨ ਵਿਚੋਂ ਬਾਹਰ ਜਾਣ ਲਈ ਰਾਜ਼ੀ ਨਾ ਹੋਏ ਤਾਂ ਪੁਲਿਸ ਅਧਿਕਾਰੀਆਂ ਨੇ ਦਖ਼ਲ ਦਿਤਾ | ਆਖ਼ਰ ਪੁਲਿਸ ਤੇ ਮਾਰਸ਼ਲਾਂ ਨਾਲ ਬਹਿਸਬਾਜ਼ੀ ਬਾਅਦ ਕਾਂਗਰਸੀ ਮੈਂਬਰ ਸਦਨ ਵਿਚੋਂ ਬਾਹਰ ਚਲੇ ਗਏ | ਇਸ ਨਾਲ ਸਦਨ ਵਿਚ ਟਕਰਾਅ ਟਲ ਗਿਆ |
ਜ਼ਿਕਰਯੋਗ ਹੈ ਕਿ ਕਾਂਗਰਸ ਤੇ ਭਾਜਪਾ ਦੇ ਮੈਂਬਰ ਸਦਨ ਵਿਚੋਂ ਬਾਹਰ ਚਲੇ ਗਏ ਪਰ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ, ਗੁਨੀਵ ਕੌਰ, ਸੁਖਵਿੰਦਰ ਸੁੱਖੀ ਅਤੇ ਬਸਪਾ ਦੇ ਡਾ. ਨਛੱਤਰਪਾਲ ਨੇ ਉਨ੍ਹਾਂ ਦਾ ਸਾਥ ਨਹੀਂ ਦਿਤਾ ਅਤੇ ਸਦਨ ਵਿਚ ਚੁੱਪ ਚਾਪ ਬੈਠੇ ਰਹੇ |